Punjab News: ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਇਕ ਕਰੋੜ ਦੀ ਠੱਗੀ, 2 ਕਾਬੂ
ਹਰਦੀਪ ਸਿੰਘ
ਧਰਮਕੋਟ, 17 ਫ਼ਰਵਰੀ
ਪੰਜਾਬੀ ਗਾਇਕ ਸਿੱਪੀ ਗਿੱਲ ਦੇ ਪਿਤਾ ਨਾਲ ਕੁਝ ਲੋਕਾਂ ਵਲੋਂ ਵੱਡੇ ਮੁਨਾਫ਼ੇ ਦਾ ਝਾਂਸਾ ਦੇ ਕੇ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਦੀ ਠੱਗੀ ਮਾਰਨ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੇਤੀਬਾੜੀ ਸੈਕਟਰ ਵਿੱਚ ਕੰਮ ਆਉਣ ਵਾਲੇ ਸੰਦਾਂ ਦੀ ਖਰੀਦ/ਵੇਚ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਠੱਗੀ ਦੀ ਰਾਸ਼ੀ 13,073,000 (ਇਕ ਕਰੋੜ ਤਿੰਨ ਲੱਖ ਤੇਹੱਤਰ ਹਜ਼ਾਰ) ਰੁਪਏ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਦੋ ਵਿਅਕਤੀਆ ਨੂੰ ਕਾਬੂ ਕਰ ਲਿਆ ਗਿਆ ਹੈ। ਧਰਮਕੋਟ ਦੇ ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਗਾਇਕ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨੂੰ ਪਰਾਲੀ ਦੀਆਂ ਗੱਠਾ ਬਣਾਉਣ ਵਾਲੇ ਬੈਲਰ, ਟਰੱਕ, ਟਰੈਕਟਰ, ਕਾਰਾਂ ਅਤੇ ਖੇਤੀ ਲਈ ਕੰਮ ਆਉਣ ਵਾਲੇ ਸੰਦਾਂ ਨੂੰ ਸਸਤੇ ਮੁੱਲ ਲੈਕੇ ਦੇਣ ਦਾ ਝਾਂਸਾ ਦਿੱਤਾ ਗਿਆ ਸੀ। ਜਿਸ ਵਿਚ ਜਸਜੀਤ ਸਿੰਘ ਉਰਫ ਪ੍ਰੈਟੀ, ਸਰਬਜੀਤ ਸਿੰਘ, ਜਗਜੀਤ ਕੌਰ ਅਤੇ ਸੰਦੀਪ ਕੌਰ ਸ਼ਾਮਲ ਸਨ। ਉਕਤ ਮੁਲਜ਼ਮਾਂ ਨੇ ਹੌਲੀ ਹੌਲੀ ਜੋਗਿੰਦਰ ਸਿੰਘ ਪਾਸੋਂ ਕਰੋੜ ਰੁਪਏ ਤੋਂ ਉਪਰ ਰਾਸ਼ੀ ਲੈ ਲਈ। ਠੱਗੀ ਦਾ ਪਤਾ ਚੱਲਣ ਤੋਂ ਬਾਅਦ ਪੀੜਤ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਸੀਆਈਏ ਸਟਾਫ਼ ਦੇ ਮੁਖੀ ਦਲਜੀਤ ਸਿੰਘ ਬਰਾੜ ਵਲੋਂ ਇਸਦੀ ਜਾਂਚ ਤੋਂ ਬਾਅਦ ਥਾਣਾ ਮਹਿਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਦੱਸਿਆ ਕਿ ਦੋ ਮੁਲਜ਼ਮ ਜਸਜੀਤ ਸਿੰਘ ਪ੍ਰੈਟੀ ਅਤੇ ਜਗਜੀਤ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਬਾਕੀ ਦੋਹਾਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਯਤਨ ਕੀਤੇ ਜਾ ਰਹੇ ਹਨ।