Punjab News: ਕੋਟਕਪੂਰਾ: ਰੰਜਿਸ਼ ਦੇ ਚਲਦਿਆਂ ਨੌਜਵਾਨ ’ਤੇ ਗੋਲੀਬਾਰੀ
Punjab News: ਇੱਥੇ ਮੰਗਲਵਾਰ ਦੇਰ ਸ਼ਾਮ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਕਥਿਤ ਤੌਰ ’ਤੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ।
ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਪੀੜਤ ਪਟਾਕਿਆਂ ਦੀ ਸਟਾਲ ’ਤੇ ਬੈਠਾ ਸੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੀੜਤ ਦੇ ਭਰਾ ਲਲਿਤ ਅਨੁਸਾਰ ਇਹ ਘਟਨਾ ਇੱਕ ਦਿਨ ਪਹਿਲਾਂ ਉਸੇ ਸਟਾਲ ’ਤੇ ਹੋਏ ਝਗੜੇ ਦੇ ਨਤੀਜੇ ਵਜੋਂ ਵਾਪਰੀ ਹੈ। ਉਸ ਨੇ ਦੋਸ਼ ਲਾਇਆ ਕਿ ਨੌਜਵਾਨਾਂ ਦੇ ਇੱਕ ਸਮੂਹ ਨੇ ਰੌਲਾ ਪਾਇਆ ਅਤੇ ਲੜਾਈ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਗੱਲੇ ਵਿੱਚੋਂ 10,000 ਰੁਪਏ ਵੀ ਚੋਰੀ ਕਰ ਲਏ। ਲਲਿਤ ਨੇ ਕਿਹਾ ਕਿ ਥਾਣਾ ਸਿਟੀ ਕੋਟਕਪੂਰਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਸ ਨੇ ਅੱਗੇ ਦੋਸ਼ ਲਾਇਆ ਕਿ ਮੰਗਲਵਾਰ ਸ਼ਾਮ ਨੂੰ ਉਹੀ ਨੌਜਵਾਨਾਂ ਦਾ ਸਮੂਹ ਸਟਾਲ ’ਤੇ ਵਾਪਸ ਆਇਆ ਅਤੇ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੇ ਚਚੇਰੇ ਭਰਾ ਦੇ ਢਿੱਡ ਵਿੱਚ ਲੱਗੀ। ਲਲਿਤ ਨੇ ਕਿਹਾ, "ਅਸੀਂ ਪਹਿਲਾਂ ਹੀ ਪੁਲੀਸ ਨੂੰ ਇਨ੍ਹਾਂ ਮੁੰਡਿਆਂ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਉਨ੍ਹਾਂ ਨੇ ਸਾਡੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜੇ ਉਹ ਸਮੇਂ ਸਿਰ ਕਾਰਵਾਈ ਕਰਦੇ, ਤਾਂ ਇਹ ਘਟਨਾ ਨਾ ਵਾਪਰਦੀ," ਉਸ ਨੇ ਇਨਸਾਫ਼ ਅਤੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।