Punjab news ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਸਕੇ ਭਰਾਵਾਂ ਸਮੇਤ 4 ਜ਼ਖ਼ਮੀ
ਹਰਦੀਪ ਸਿੰਘ
ਧਰਮਕੋਟ, 26 ਫ਼ਰਵਰੀ
ਇਥੇ ਕੋਟ ਈਸੇ ਖਾਂ-ਮੋਗਾ ਰਾਜ ਮਾਰਗ ਉੱਤੇ ਪਿੰਡ ਲੁਹਾਰਾ ਪਾਸ ਦੇਰ ਰਾਤ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਕੋਟ ਈਸੇ ਖਾਂ ਦੇ ਦੋ ਸਕੇ ਭਰਾ ਦੀਪਕ ਕੁਮਾਰ ਅਤੇ ਅਮਿਤ ਕੁਮਾਰ ਲੰਘੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਲੁਧਿਆਣਾ ਤੋਂ ਆਪਣੀ ਦੁਕਾਨ ਦਾ ਸਾਮਾਨ ਲੈ ਕੇ ਵਾਪਸ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਅਲਟੋ ਕਾਰ ਪਿੰਡ ਲੁਹਾਰਾ ਲੰਘ ਕੇ ਛੋਟੀ ਨਹਿਰ ਪਾਸ ਪੁੱਜੀ ਤਾਂ ਅੱਗੋਂ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਸਵਿਫ਼ਟ ਸਵਾਰ ਗਗੜਾ ਪਿੰਡ ਤੋਂ ਇਕ ਵਿਆਹ ਸਮਾਗਮ (ਜਾਗੋ) ਤੋਂ ਪਰਤ ਰਹੇ ਸਨ ਅਤੇ ਸ਼ਰਾਬੀ ਹਾਲਤ ਵਿੱਚ ਸਨ।
ਇਸ ਹਾਦਸੇ ਵਿੱਚ ਦੋਨੋਂ ਕਾਰ ਸਵਾਰਾਂ ਦੇ ਚਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ। ਅਲਟੋ ਸਵਾਰ ਦੀਪਕ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਉਸ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਭੇਜ ਦਿੱਤਾ ਗਿਆ ਹੈ। ਦੂਜੇ ਭਰਾ ਅਮਿਤ ਕੁਮਾਰ ਨੂੰ ਰਾਜੀਵ ਹਸਪਤਾਲ ਮੋਗਾ ਵਿਖੇ ਭਰਤੀ ਕੀਤਾ ਗਿਆ ਹੈ। ਸਵਿਫ਼ਟ ਸਵਾਰਾਂ ਨੂੰ ਮੱਲਮ ਪੱਟੀ ਕਰਕੇ ਛੁੱਟੀ ਦੇ ਦਿੱਤੀ ਗਈ ਹੈ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਮੈਂਬਰ ਆਪਣੀ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ ਅਤੇ ਅਲਟੋ ਕਾਰ ਵਿਚ ਫਸੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਭਰਤੀ ਕਰਵਾਇਆ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।