Punjab News ਕਿਸਾਨਾਂ ਵੱਲੋਂ ਰੂਪਨਗਰ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਰੋਧ
ਸੈਣੀ ਸਮਾਜ ਵੱਲੋਂ ਅੱਜ ਇਥੇ ਗੁਰਬਖਸ਼ ਪੈਲੇਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ ਜਦੋਂਕਿ ਦੂਜੇ ਪਾਸੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਸਨਮਾਨ ਸਮਾਰੋਹ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਦਾ ਸਨਮਾਨ ਕੀਤੇ ਜਾਣ ਦਾ ਕੋਈ ਇਤਰਾਜ਼ ਨਹੀਂ ਹੈ, ਪਰ ਸੈਣੀ ਸਮਾਜ ਨੇ ਸਨਮਾਨ ਸਮਾਰੋਹ ਲਈ ਜਿਹੜਾ ਸਮਾਂ ਚੁਣਿਆ ਹੈ ਉਹ ਢੁਕਵਾਂ ਨਹੀਂ ਹੈ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 54 ਦਿਨਾਂ ਤੋਂ ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇ ਰਹੀ ਹੈ।
ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਸਨਮਾਨ ਸਮਾਗਮ ਦੌਰਾਨ ਦਾਅਵਾ ਕੀਤਾ ਕਿ ਸੂਬਾ ਸਰਕਾਰ ਹਰਿਆਣਾ ਦੇ ਕਿਸਾਨਾਂ ਦੀਆਂ ਸੌ ਫੀਸਦੀ ਫਸਲਾਂ ਐੱਮ.ਐੱਸ.ਪੀ. ’ਤੇ ਖਰੀਦ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ ਤੇ ਹੁਣ ਹਰਿਆਣਾ ਸੂਬੇ ਅੰਦਰ ਸਾਰੀਆਂ ਫਸਲਾਂ 100 ਫੀਸਦੀ ਐੱਮ.ਐੱਸ.ਪੀ. ’ਤੇ ਖਰੀਦੀਆਂ ਜਾ ਰਹੀਆਂ ਹਨ।’’ ਸੈਣੀ ਨੇ ਕਿਹਾ ਕਿ ਕਿਸਾਨਾਂ ਦਾ ਪੰਜਾਬ ਵਿੱਚ ਜਿੰਨਾ ਸ਼ੋਸ਼ਣ ਹੋਇਆ ਹੈ, ਓਨਾ ਹੋਰ ਕਿਧਰੇ ਨਹੀਂ ਹੋਇਆ।