Punjab News ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵੱਲੋਂ ਆਧੁਨਿਕ ਹਥਿਆਰਾਂ ਸਣੇ ਗੈਂਗਸਟਰ ਕਾਬੂ
ਪੀਟੀਆਈ/ ਸੰਜੀਵ ਹਾਂਡਾ
ਚੰਡੀਗੜ੍ਹ/ਫਿਰੋਜ਼ਪੁਰ, 2 ਮਾਰਚ
ਪੰਜਾਬ ਪੁਲੀਸ ਨੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਤਿੰਨ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਦੱਸੀ ਗਈ ਹੈ।
ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਗੁਪਤ ਜਾਣਕਾਰੀ ਦੇ ਅਧਾਰ ’ਤੇ ਕੀਤੇ ਅਪਰੇਸ਼ਨ ਵਿਚ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨੇ ਤਸਕਰ ਕਮ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਪਿੰਡ ਘੱਲ ਖੁਰਦ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਤਿੰਨ ਆਧੁਨਿਕ ਹਥਿਆਰ ਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।’’
ਯਾਦਵ ਨੇ ਕਿਹਾ, ‘‘ਤਿੰਨ ਪਿਸਟਲ (ਇਕ ਗਲੌਕ ਪਿਸਟਲ, ਇਕ ਬੇਰੇਟਾ .30 ਐੱਮਐੱਮ ਪਿਸਟਲ ਤੇ ਇਕ ਪੰਪ ਐਕਸ਼ਨ ਗੰਨ), 141 ਕਾਰਤੂਸ (9 ਐੱਮਐੱਮ, .30 ਕੈਲੀਬਰ, 12 ਬੋਰ), 45 ਗ੍ਰਾਮ ਹੈਰੋਇਨ ਤੇ ਕਾਰ ਬਰਾਮਦ ਕੀਤੀ ਹੈ।’’ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦਹਿਸ਼ਤੀ ਤੇ ਅਪਰਾਧਕ ਕਾਰਵਾਈਆਂ ਲਈ ਸਰਹੱਦ ਪਾਰੋਂ ਇਹ ਹਥਿਆਰ ਮੰਗਵਾਏ ਗਏ ਸਨ। ਫ਼ਾਜ਼ਿਲਕਾ ਵਿਚ ਕੇਸ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ। ਪੀਟੀਆਈ