ਪੰਜਾਬ ਮੈਡੀਕਲ ਕੌਂਸਲ ਵੱਲੋਂ ਚਾਰ ਡਾਕਟਰਾਂ ਖ਼ਿਲਾਫ਼ ਕਾਰਵਾਈ
ਪੰਜਾਬ ਮੈਡੀਕਲ ਕੌਂਸਲ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਪੜਤਾਲ ਮਗਰੋਂ ਚਾਰ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਹੈ। ਇਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਇਕ ਮਹੀਨੇ ਤੋਂ ਤਿੰਨ ਸਾਲਾਂ ਤੱਕ ਮੁਅੱਤਲ ਕੀਤੀਆਂ ਗਈਆਂ ਹਨ। ਪੰਜਾਬ ਮੈਡੀਕਲ ਕੌਂਸਲ ਨੇ ਦੱਸਿਆ ਕਿ ਕੌਂਸਲ ਨੇ ਡਾ. ਅਜੈ ਰਾਣਾ, ਡਾ. ਉਮੇਸ਼ ਮਲਹੋਤਰਾ, ਡਾ. ਚੰਦਨਦੀਪ ਸਿੰਘ ਸੰਧੂ ਤੇ ਡਾ. ਹਰਪ੍ਰੀਤ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਕੌਂਸਲ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਪਹਿਲੇ ਡਾਕਟਰ ਖ਼ਿਲਾਫ਼ ਦਿੱਲੀ ਮੈਡੀਕਲ ਕੌਂਸਲ ਤੋਂ ਸੇਵਾਵਾਂ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਇਹ ਡਾਕਟਰ ਪੰਜਾਬ ਵਿਚ ਪ੍ਰੈਕਟਿਸ ਕਰ ਰਿਹਾ ਸੀ ਜਿਸ ਕਾਰਨ ਇਸ ਡਾਕਟਰ ਦਾ ਨਾਂ ਤਿੰਨ ਸਾਲ ਲਈ ਪੰਜਾਬ ਮੈਡੀਕਲ ਕੌਂਸਲ ਵਿਚੋਂ ਹਟਾਇਆ ਗਿਆ ਹੈ। ਇਸੇ ਤਰ੍ਹਾਂ ਬਾਕੀ ਡਾਕਟਰਾਂ ਖ਼ਿਲਾਫ਼ ਵੀ ਸ਼ਿਕਾਇਤਾਂ ਮਿਲੀਆਂ ਸਨ। ਕੌਂਸਲ ਦੀ ਰਜਿਸਟਰਾਰ ਰੁਪਿੰਦਰ ਕੌਰ ਬਖ਼ਸ਼ੀ ਨੇ ਦੱਸਿਆ ਕਿ ਚਾਰ ਡਾਕਟਰਾਂ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਨੂੰ ਪਹਿਲਾਂ ਐਥੀਕਲ ਕਮੇਟੀ ਵਿਚ ਵਿਚਾਰਿਆ ਗਿਆ ਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੈਡੀਕਲ ਕੌਂਸਲ ਦੀ ਜਨਰਲ ਬਾਡੀ ਮੀਟਿੰਗ ਵਿਚ ਇਨ੍ਹਾਂ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।