ਪੰਜਾਬ ਹੈਰੀਟੇਜ ਸ਼ੋਅ ’ਚ ਵਿਰਾਸਤ ਤੇ ਫੈਸ਼ਨ ਦਾ ਸੁਮੇਲ
ਮਨਮੋਹਨ ਸਿੰਘ ਢਿੱਲੋਂ
ਪੀ ਐੱਚ ਡੀ ਚੈਂਬਰ ਆਫ਼ ਕਾਮਰਸ ਵੱਲੋਂ ਕਰਵਾਏ 19ਵੇਂ ਪਾਇਟੈਕਸ ਮੇਲੇ ਦੌਰਾਨ ਫੈਸ਼ਨ ਟੈਕਸ ਐਂਡ ਟੈੱਕ ਫੋਰਮ ਵੱਲੋਂ ਪੰਜਾਬ ਹੈਰੀਟੇਜ ਸ਼ੋਅ ’ਚ ਕਲਾਕਾਰਾਂ ਨੇ ਰੈਂਪ ਵਾਕ ਦੌਰਾਨ ਵਿਰਾਸਤ, ਫੈਸ਼ਨ, ਕਲਾ ਅਤੇ ਸੈਰ-ਸਪਾਟੇ ਨੂੰ ਇੱਕ ਹੀ ਮੰਚ ’ਤੇ ਪ੍ਰਦਰਸ਼ਿਤ ਕੀਤਾ। ਪ੍ਰੋਗਰਾਮ ਵਿੱਚ ਬੌਲੀਵੁੱਡ ਦੀ ਉੱਘੀ ਅਦਾਕਾਰਾ ਹੈਲੇਨ ਖਾਨ ਨੇ ਜਿੱਥੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਉੱਥੇ ਹੀ ਬੌਲੀਵੁੱਡ ਅਦਾਕਾਰ ਤੇ ਨਿਰਮਾਤਾ ਰਜਤ ਬੇਦੀ ਨੇ ਆਪਣੇ ਤਜਰਬੇ ਸਾਂਝੇ ਕਰਕੇ ਕਲਾਕਾਰਾਂ ਦਾ ਹੌਸਲਾ ਵਧਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਾਲ ਕਲਾਕਾਰਾਂ ਨੇ ਹੈਲੇਨ ਖਾਨ ਦੇ ਗੀਤਾਂ ’ਤੇ ਡਾਂਸ ਦੀ ਪੇਸ਼ਕਾਰੀ ਨਾਲ ਕੀਤੀ। ਹਿਮਾਨੀ ਅਰੋੜਾ ਦੀ ਫੈਸ਼ਨ ਕੁਲੈਕਸ਼ਨ ਨਾਲ ਮਾਡਲਾਂ ਮੰਚ ’ਤੇ ਉਤਰੀਆਂ ਅਤੇ ਉਨ੍ਹਾਂ ਨੇ ਡਿਜ਼ਾਈਨਰ ਸ਼੍ਰੇਆ ਮਹਿਰਾ, ਫਰਾਹ ਅਤੇ ਸੰਜਨਾ, ਡਿਜ਼ਾਈਨਰ ਰਚਿਤ ਖੰਨਾ ਦੇ ਡਿਜ਼ਾਈਨਿੰਗ ਕਲੈਕਸ਼ਨ, ਖੁਰਾਣਾ ਜਵੈਲਰੀ ਹਾਊਸ ਦੇ ਉਤਪਾਦ ਪ੍ਰਦਰਸ਼ਿਤ ਕੀਤੇ। ਇਸ ਮਗਰੋਂ ਗਾਇਕ ਹਰਗੁਣ ਕੌਰ ਨੇ ਪੇਸ਼ਕਾਰੀ ਦਿੱਤੀ।
ਹਿਮਾਨੀ ਅਰੋੜਾ ਨੇ ਕਿਹਾ ਕਿ ਇਹ ਸ਼ੋਅ ਇਲਾਕੇ ਦੇ ਕਾਰੀਗਰਾਂ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਦੀ ਹਮਾਇਤ ਕਰਨ ਨੂੰ ਸਮਰਪਿਤ ਸੀ। ਬਿਹਤਰੀਨ ਚੀਜ਼ਾਂ ’ਤੇ ਜ਼ੋਰ ਦਿੱਤਾ ਗਿਆ। ਹਿਮਾਨੀ ਨੇ ਕਿਹਾ, ‘‘ਸਾਡਾ ਯਤਨ ਪੰਜਾਬ ਦੇ ਕ੍ਰਾਫਟ, ਹੈਂਡਲੂਮ ਅਤੇ ਟੈਕਸਟਾਈਲ ਈਕੋਸਿਸਟਮ ਨੂੰ ਇੱਕ ਨਵੀਂ ਗਲੋਬਲ ਪਛਾਣ ਦੇਣਾ ਹੈ। ਪਾਾਇਟੈਕਸ ਵਿੱਚ ਅਸੀਂ ਸ਼ਕਤੀਕਰਨ, ਰਚਨਾਤਮਿਕਤਾ ਅਤੇ ਹੈਰੀਟੇਜ਼ ਨੂੰ ਇੱਕ ਪਲੇਟਫਾਰਮ ’ਤੇ ਲਿਆਂਦਾ ਹੈ।’’ ਪੀ ਐੱਚ ਸੀ ਸੀ ਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਇਸ ਸ਼ੋਅ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਹੈ।
ਹਮੇਸ਼ਾ ਅੰਮ੍ਰਿਤਸਰ ਆਉਣਾ ਚਾਹੁੰਦੀ ਸੀ: ਹੈਲੇਨ
ਹੈਲੇਨ ਖ਼ਾਨ ਨੇ ਸਟੇਜ ਤੋਂ ਤਰਜਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਅੰਮ੍ਰਿਤਸਰ ਆਉਣਾ ਚਾਹੁੰਦੀ ਸੀ, ਪਰ ਮੌਕਾ ਨਹੀਂ ਮਿਲ ਰਿਹਾ ਸੀ। ਅੱਜ, ਉਨ੍ਹਾਂ ਨੂੰ ਅੰਮ੍ਰਿਤਸਰ ਆਉਣ ਦਾ ਮੌਕਾ ਮਿਲ ਹੀ ਗਿਆ। ਹੈਲੇਨ ਨੇ ਕਿਹਾ, ‘‘ਮੈਂ ਦਰਬਾਰ ਸਾਹਿਬ ਗਈ ਅਤੇ ਇੱਥੋਂ ਦੀ ਮਸ਼ਹੂਰ ਮਾਰਕੀਟ ਵਿੱਚ ਖਰੀਦਦਾਰੀ ਵੀ ਕੀਤੀ।’’
