ਪੰਜਾਬ ਦੇ ਰਾਜਪਾਲ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਆਤਿਸ਼ ਗੁਪਤਾ
ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਪੰਜਾਬ ਵਿੱਚ ਹੜ੍ਹਾਂ ਮਗਰੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਤੇ ਚੰਡੀਗੜ੍ਹ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਹੈ। ਰਾਜਪਾਲ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ, ਜਨਤਕ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਸੂਬੇ ਦੀ ਮਸ਼ੀਨਰੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ।
ਸ੍ਰੀ ਕਟਾਰੀਆ ਨੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਅਤੇ ਵਿਕਾਸ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਯੂਨਿਟਾਂ ਸਥਾਪਤ ਕਰਨ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਐਂਟੀ-ਡਰੋਨ ਸਿਸਟਮ ਅਤੇ ਹਾਈ-ਡੈਫੀਨੇਸ਼ਨ ਕੈਮਰੇ ਲਗਾ ਕੇ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਤੋੋਂ ਇਲਾਵਾ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਵੀਂ ਸਿੱਖਿਆ ਨੀਤੀ ਦੇ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ।
ਚੰਡੀਗੜ੍ਹ ਵਿੱਚ ‘ਗਿਫ਼ਟ ਸਿਟੀ’ ਸਥਾਪਤ ਕਰਨ ’ਤੇ ਵਿਚਾਰਾਂ
ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈਕ-ਸਿਟੀ (ਗਿਫ਼ਟ ਸਿਟੀ) ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ‘ਗਿਫ਼ਟ ਸਿਟੀ’ ਸਥਾਪਤ ਕਰਨ ਦੇ ਵਿਚਾਰ-ਚਰਚਾ ਕੀਤੀ। ਇਸ ਨਾਲ ਚੰਡੀਗੜ੍ਹ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇਗਾ।