ਪੰਜਾਬ ਸਰਕਾਰ ਸਨਅਤੀ ਖੇਤਰ ਰਾਹੀਂ 4 ਲੱਖ ਨੌਕਰੀਆਂ ਦੇਵੇਗੀ: ਕੇਜਰੀਵਾਲ
ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ’ਤੇ ਨਸਲਕੁਸ਼ੀ ਦੇ ਕੇਸ ਚਲਾਉਣ ਦੀ ਵਕਾਲਤ
Advertisement
ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਤਹਿਤ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੇ ਪੜਾਅ ਤਹਿਤ 3000 ਤੋਂ ਵੱਧ ਪਿੰਡਾਂ ’ਚ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਬਣਾਉਣ ਦਾ ਆਗ਼ਾਜ਼ ਪਿੰਡ ਕਾਲਝਰਾਣੀ ਤੋਂ ਕੀਤਾ ਗਿਆ। ਇੱਥੇ ਵਿਆਪਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰਸਮੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੀ ਨਸ਼ੇ ਨੂੰ ਘਰ-ਘਰ ਪਹੁੰਚਾਉਣ ਲਈ ਨਾਪਾਕ ਭੂਮਿਕਾ ਰਹੀ।
ਉਨ੍ਹਾਂ ਕਿਹਾ, ‘‘ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਜੇਲ੍ਹਾਂ ’ਚ ਬੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚ ਕਈ ਵੱਡੇ ਸਿਆਸੀ ਆਗੂ ਵੀ ਸ਼ਾਮਿਲ ਸਨ ਅਤੇ ਅਜਿਹਿਆਂ ’ਚੋਂ ਹੀ ਇੱਕ ਚਰਚਿਤ ਨੇਤਾ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਸਨ ਕਿ ਚਿੱਟਾ ਵੇਚਣ ਵਾਲਿਆਂ ਨੂੰ ਕੋਈ ਹੱਥ ਨਹੀਂ ਪਾ ਸਕਦਾ, ਪਰ ‘ਆਪ’ ਸਰਕਾਰ ਨੇ ਰਸੂਖ ਵਾਲੇ ਨਸ਼ਾ ਤਸਕਰਾਂ ਨੂੰ ਹੀ ਸਭ ਤੋਂ ਪਹਿਲਾਂ ਹੱਥ ਪਾ ਕੇ ਅੰਦਰ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਹੀ ‘ਚਿੱਟਾ’ ਵੇਚਣ ਵਾਲੇ ਉਸ ਵੱਡੇ ਨੇਤਾ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਕੀਤਾ ਗਿਆ ਤਾਂ ਉਸੇ ਵਕਤ ਪੰਜਾਬ ਦੀਆਂ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ, ਮਾਨ ਸਰਕਾਰ ਦੀ ਆਲੋਚਨਾ ਕਰਨ ਲੱਗ ਪਈਆਂ। ਕੇਜਰੀਵਾਲ ਨੇ ਕਿਹਾ ਕਿ ਇਸ ਦਾ ਮਤਲਬ ਇਹ ਸਾਰੇ ਮਿਲੇ ਹੋਏ ਸਨ ਅਤੇ ਕਿਸੇ ਨੂੰ ਵੀ ਪੰਜਾਬ ਦੀ ਪਰਵਾਹ ਨਹੀਂ ਸੀ।
ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ’ਚੋਂ ਨਸ਼ਾ ਤਿਆਗ ਕੇ ਘਰਾਂ ਨੂੰ ਪਰਤਣ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਖੇਡਾਂ ਦਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ। ਹੁਣ ਤੱਕ ਪੰਜਾਬ ਦੇ 55 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਇਸ ਦੌਰਾਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵੇਂ ਬਣਾਏ ਜਾ ਰਹੇ ਖੇਡ ਮੈਦਾਨਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਹੋਣਗੀਆਂ। ਉਨ੍ਹਾਂ ਪੰਜਾਬ ’ਚ ਨਸ਼ੇ ਦੇ ਪ੍ਰਚਲਨ ਲਈ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਨਸ਼ੇ ਨਾਲ ਜੋ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਹੈ, ਉਸ ਕਤਲੇਆਮ ਲਈ ਸਾਰੇ ਇੱਕ-ਦੂਜੇ ਨਾਲ ਮਿਲੇ ਹੋਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ੀਆਂ ’ਤੇ ਨਸਲਕੁਸ਼ੀ ਦੇ ਕੇਸ ਚੱਲਣੇ ਚਾਹੀਦੇ ਹਨ।
ਉਨ੍ਹਾਂ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜਿਆਂ ਨੂੰ ਸੰਤੋਸ਼ਜਨਕ ਕਰਾਰ ਦਿੱਤਾ।
ਇਸ ਸਮਾਗਮ ਵਿੱਚ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆਂ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ‘ਆਪ’ ਦੇ ਵਿਧਾਇਕ ਅਤੇ ਹੋਰ ਆਗੂ ਵੀ ਹਾਜ਼ਰ ਸਨ।
Advertisement
Advertisement