ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ’ਤੇ ਖ਼ਰਚਿਆ ਕੇਂਦਰ ਦਾ ਪੈਸਾ: ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਕਾਰ ’ਤੇ ਨਦੀਆਂ-ਨਾਲਿਆਂ ਦੀ ਸਫ਼ਾਈ ਨਾ ਕਰਵਾਉਣ ਦੇ ਦੋਸ਼
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਘਨੌਰ ਹਲਕੇ ਵਿੱਚ ਘੱਗਰ ਦਰਿਆ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਭੇਜਿਆ ਪੈਸਾ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ’ਤੇ ਖ਼ਰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪੈਸੇ ਦੀ ਵਰਤੋਂ ਨਦੀਆਂ ਤੇ ਨਾਲਿਆਂ ਦੀ ਸਫ਼ਾਈ ਲਈ ਹੁੰਦੀ ਤਾਂ ਹੜ੍ਹਾਂ ਕਾਰਨ ਤਬਾਹੀ ਨਹੀਂ ਸੀ ਹੋਣੀ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸੂਬੇ ’ਚ ਕਿਸੇ ਵੀ ਨਦੀ ਦੀ ਸਫ਼ਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਏ ਕਿ ਉਨ੍ਹਾਂ ਨੂੰ ਇੰਜਨੀਅਰਾਂ ਨੇ ਦੱਸਿਆ ਹੈ ਕਿ ਮਾਧੋਪੁਰ ਦੇ ਫਲੱਡ ਗੇਟ ਦੀ ਮੁਰੰਮਤ ਬਾਰੇ ਉਨ੍ਹਾਂ ਨੇ ਪਿਛਲੇ ਸਾਲ ਹੀ ਪੰਜਾਬ ਸਰਕਾਰ ਨੂੰ ਲਿਖਿਆ ਸੀ ਪਰ ਉਸ ਚਿੱਠੀ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਯੂਥ ਅਕਾਲੀ ਦਲ ਨੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਕੱਲ੍ਹ ਤੋਂ ਜਲੰਧਰ ਵਿੱਚ ਸਹਾਇਤਾ ਕੇਂਦਰ ਸਥਾਪਤ ਕੀਤਾ ਹੈ। ਪੰਜਾਬ ਭਰ ਵਿੱਚ ਜਿੱਥੇ ਵੀ ਕਿਸੇ ਨੂੰ ਕੋਈ ਵਸਤੂ ਦੀ ਲੋੜ ਹੋਵੇਗੀ, ਉਹ ਯੂਥ ਅਕਾਲੀ ਦਲ ਨੂੰ ਫੋਨ ਕਰ ਕੇ ਦੱਸੇਗਾ ਤੇ ਵਰਕਰ ਉਸ ਦੀ ਹਰ ਮੁਸ਼ਕਲ ਹੱਲ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਬਾਰੇ ਛਿੜੇ ਵਿਵਾਦ ਬਾਰੇ ਕਿਹਾ ਕਿ ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਕਿਉਂਕਿ ‘ਆਪ’ ਨੇ ਪੰਜਾਬ ਵਿੱਚ ਪੰਜਾਬੀਅਤ ਰਹਿਣ ਹੀ ਨਹੀਂ ਦਿੱਤੀ। ਇਸ ਵੇਲੇ ਉਨ੍ਹਾਂ ਨਾਲ ਐੱਨ ਕੇ ਸ਼ਰਮਾ, ਜਸਮੇਰ ਸਿੰਘ ਲਾਛੜੂ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਆਦਿ ਮੌਜੂਦ ਸਨ।
Advertisement
Advertisement