ਹੜ੍ਹਾਂ ’ਤੇ ਸਿਆਸਤ ਨਾ ਕਰੇ ਪੰਜਾਬ ਸਰਕਾਰ: ਮੁਰੂਗਨ
ਕੇਂਦਰੀ ਸੂਚਨਾ ਪ੍ਰਸਾਰਨ ਅਤੇ ਸੰਸਦੀ ਕਾਰਜ ਰਾਜ ਮੰਤਰੀ ਡਾ. ਐੱਲ. ਮੁਰੂਗਨ ਅੱਜ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ’ਤੇ ਪਹੁੰਚੇ। ਸ੍ਰੀ ਮੁਰੂਗਨ ਨੇ ਭਾਜਪਾ ਆਗੂਆਂ ਦੇ ਨਾਲ ਟਰੈਕਟਰ ਰਾਹੀਂ ਸਤਲੁਜ ਦੇ ਕਿਨਾਰੇ ਵਸੇ ਪਿੰਡਾਂ ਹਰੀਵਾਲ, ਸ਼ਾਹਪੁਰ ਬੇਲਾ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ 20 ਸਾਲਾਂ ਵਿੱਚ ਕਿਸੇ ਵੀ ਪਾਰਟੀ ਦੇ ਸੰਸਦ ਮੈਂਬਰ ਨੇ ਇਨ੍ਹਾਂ ਪਿੰਡਾਂ ਦਾ ਦੌਰਾ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮੰਗਾਂ ਵਿੱਚ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨਾ, ਫਸਲਾਂ ਦੇ ਨੁਕਸਾਨ ਦੀ ਭਰਪਾਈ ਛੇਤੀ ਕਰਨੀ ਅਤੇ ਹੜ੍ਹ ਦੀ ਮਾਰ ਰੋਕਣ ਲਈ ਪੱਕਾ ਪ੍ਰਬੰਧ ਕਰਨਾ ਮੁੱਖ ਹਨ। ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਵਿਸਥਾਰਤ ਰਿਪੋਰਟ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਦੇਣਗੇ ਤਾਂ ਜੋ ਲੋਕਾਂ ਦੀਆਂ ਮੰਗਾਂ ’ਤੇ ਕੰਮ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹ ਪੀੜਤਾਂ ਲਈ 1600 ਕਰੋੜ ਰੁਪਏ ਦੀ ਫੌਰੀ ਰਾਹਤ ਜਾਰੀ ਕੀਤੀ ਹੈ ਪਰ ਇਸ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਘੱਟ ਦੱਸਣਾ ਨਿੰਦਣਯੋਗ ਹੈ ਤੇ ਪੰਜਾਬ ਸਰਕਾਰ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੀ ਹੈ।
ਸ੍ਰੀ ਮੁਰੂਗਨ ਨੇ ਦੱਸਿਆ ਕਿ ਆਫ਼ਤ ਪ੍ਰਬੰਧਨ (ਡਿਜਾਸਟਰ ਮੈਨੇਜਮੈਂਟ) ਵਜੋਂ ਪੰਜਾਬ ਸਰਕਾਰ ਕੋਲ 12 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਮੌਜੂਦ ਹੈ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਕੇਂਦਰ ਦੀ ਦਿੱਤੀ 1600 ਕਰੋੜ ਰਕਮ ਨੂੰ ਘੱਟ ਦੱਸਣਾ ਸਿਰਫ਼ ਸਿਆਸਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਅਤੇ ਜਿੱਥੇ ਵੀ ਜ਼ਰੂਰਤ ਪਵੇਗੀ ਹੋਰ ਮਦਦ ਦਿੱਤੀ ਜਾਵੇਗੀ। ਪਿੰਡ ਸ਼ਾਹਪੁਰ ਬੇਲਾ ਵਿੱਚ ਉਨ੍ਹਾਂ ਹਿੰਮਤ ਸਿੰਘ ਦੇ ਘਰ ਬੈਠ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਡਾ. ਪਰਮਿੰਦਰ ਸ਼ਰਮਾ ਅਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਹਰੀਵਾਲ, ਜ਼ਿਲ੍ਹਾ ਮਹਾਂਮੰਤਰੀ ਰਮਨ ਜਿੰਦਲ, ਐਡਵੋਕੇਟ ਨਿਪੁਨ ਸੋਨੀ, ਨਵੀਨ ਕੁਮਾਰ, ਧਰਮਿੰਦਰ ਸਿੰਘ ਭਿੰਦਾ, ਰੋਸ਼ਨ ਲਾਲ ਟੇਡੇਵਾਲ, ਸੁਰਜੀਤ ਘਹੀਮਾਜਰਾ, ਰੋਪੜ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਕੁਸ਼ਲ ਕੁਮਾਰ ਅਤਰੀ, ਸਤਬੀਰ ਰਾਣਾ, ਕੈਪਟਨ ਮੁਲਤਾਨ ਸਿੰਘ, ਰਾਜੂ ਸ਼ਰਮਾ (ਮੈਡੀਕੋਜ਼), ਓਂਕਾਰ ਅਭਿਆਨਾ, ਬਠ ਮਾਜਰੀ ਜੱਟਾਂ, ਸੌਰਵ ਬਾਂਸਲ, ਜਗਮਨਦੀਪ ਸਿੰਘ ਪਰਹੀ, ਹਰਭਜਨ ਸਿੰਘ, ਇੰਦਰਪਾਲ ਸਿੰਘ ਲੋਕਰਹ ਫਿੱਡੇ, ਅਭਿਸ਼ੇਕ ਅਗਨੀਹੋਤਰੀ, ਹਿੰਮਤ ਸਿੰਘ ਗਿਰਾਨ, ਮਨਦੀਪ ਸਿੰਘ ਮੌਜੂਦ ਸਨ।