ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਸਰਕਾਰ 55 ਹਜ਼ਾਰ ਨੌਕਰੀਆਂ ਦੇ ਦਾਅਵੇ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ: ਬਾਜਵਾ

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਨੇ ਪੰਜਾਬ ਤੇ ਕੇਂਦਰ ਸਰਕਾਰ ’ਤੇ ਸੇਧੇ ਨਿਸ਼ਾਨੇ
ਮਾਲੇਰਕੋਟਲਾ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ।
Advertisement

ਪਰਮਜੀਤ ਸਿੰਘ ਕੁਠਾਲਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਤੇ ਮਾਲੇਰਕੋਟਲਾ ਹਲਕੇ ਦੀ ਇੰਚਾਰਜ ਬੀਬਾ ਨਿਸ਼ਾਂਤ ਅਖਤਰ ਦੀ ਸਥਾਨਕ ਰਿਹਾਇਸ਼ ਮਾਲੇਰਕੋਟਲਾ ਹਾਊਸ ’ਚ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਨਿਸ਼ਾਨੇ ਸੇਧੇ। ਦੋਵੇਂ ਆਗੂ ਅੱਜ ਇੱਥੇ 27 ਜੁਲਾਈ ਨੂੰ ਨੈਣਾ ਦੇਵੀ ਯਾਤਰਾ ਤੋਂ ਪਰਤਦਿਆਂ ਨਹਿਰ ਵਿਚ ਡੁੱਬ ਕੇ ਮਾਰੇ ਗਏ ਪਿੰਡ ਮਾਣਕਵਾਲ ਵਾਸੀ 10 ਦਲਿਤ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ 55 ਹਜ਼ਾਰ ਨੌਕਰੀਆਂ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਕੋਰਾ ਝੂਠ ਦੱਸਦਿਆਂ ਸ੍ਰੀ ਬਾਜਵਾ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਦੇ ਨਾਂ ਪਤਿਆਂ ਅਤੇ ਵਿਭਾਗਾਂ ਸਣੇੇ ਵ੍ਹਾਈਟ ਪੇਪਰ ਜਾਰੀ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਜਿਹੜੀਆਂ ਪੰਜ -ਸੱਤ ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ 80 ਫ਼ੀਸਦ ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਗੈਰ-ਪੰਜਾਬੀ ਲੋਕ ਹਨ। ਇਨ੍ਹਾਂ ਉਮੀਦਵਾਰਾਂ ਦੇ ਪੰਜਾਬ ਦੇ ਡੋਮੀਸਾਈਲ ਸਰਟੀਫਿਕੇਟ ਉਪਰੋਂ ਹੁਕਮ ਕਰਕੇ ਡੇਰਾਬਸੀ ਦੇ ਨਾਇਬ ਤਹਿਸੀਲਦਾਰ ਤੋਂ ਬਣਵਾਏ ਗਏ ਹਨ।

Advertisement

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਕੁਰਸੀ ਕੇਜਰੀਵਾਲ ਦੇ ਪੀਏ ਰਹੇ ਵਿਭਵ ਕੁਮਾਰ ਨੇ ਸੰਭਾਲ ਰੱਖੀ ਹੈ, ਜਦਕਿ ਕੁੱਲ 42 ਵਿਭਾਗਾਂ ਵਿੱਚੋਂ 21 ਸਤਿੰਦਰ ਜੈਨ ਅਤੇ 21 ਵਿਭਾਗ ਮਨੀਸ਼ ਸਿਸੋਦੀਆ ਵੱਲੋਂ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੀਆਂ ਸੜਕਾਂ ਦਾ ਫੰਡ ਵਾਪਸ ਲੈ ਲਿਆ ਹੈ ਅਤੇ 10 ਹਜ਼ਾਰ ਕਰੋੜ ਦਾ ਆਰਡੀਐੱਫ ਰੋਕ ਰੱਖਿਆ ਹੈ। ਪੰਜਾਬ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਫਰੈਂਡਲੀ ਮੈਚ ਦੱਸਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ‘ਆਪ’ ਆਰਐੱਸਐੱਸ ਦੀ ਹੀ ‘ਬੀ’ ਟੀਮ ਹੈ ਅਤੇ ਇਕ ਮਿਥੀ ਯੋਜਨਾ ਤਹਿਤ ਭਾਜਪਾਈਆਂ ਨੂੰ ਪੇਂਡੂ ਖੇਤਰ ਵਿੱਚ ਭੇਜ ਕੇ ਗ੍ਰਿਫ਼ਤਾਰੀਆਂ ਦੇ ਨਾਟਕ, ਕਾਂਗਰਸ ਪਾਰਟੀ ਨੂੰ ਸੱਤਾ ਤੋਂ ਰੋਕਣ ਲਈ ਹੀ ਕੀਤੇ ਜਾ ਰਹੇ ਹਨ। ਇਸ ਮੌਕੇ ਸ੍ਰੀ ਵੜਿੰਗ ਨੇ ਸਪੱਸ਼ਟ ਕੀਤਾ ਕਿ ਜ਼ਮੀਨੀ ਪੱਧਰ ’ਤੇ ਮਜ਼ਬੂਤ ਆਗੂਆਂ ਨੂੰ ਹੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਿੱਤੀਆਂ ਜਾਣਗੀਆਂ।

ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ: ਰਾਜਾ ਵੜਿੰਗ

ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ, ਪੰਜਾਬ ਦਾ ਹਰੇਕ ਵਰਗ ਅਤੇ ਹਰ ਸਮਾਜ ਦੇ ਲੋਕ ਸਰਕਾਰ ਤੋਂ ਦੁਖੀ ਹੀ ਨਹੀਂ ਸਗੋਂ ਇਸ ਨੂੰ ਚਲਦਾ ਕਰਨ ਲਈ ਤਿਆਰ ਬੈਠੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਾਂਝੇ ਤੌਰ ’ਤੇ ਕੀਤਾ। ਉਹ ਅੱਜ ਇੱਥੇ ਪਿਛਲੇ ਦਿਨੀਂ ਪਿੰਡ ਮਾਣਕਵਾਲ ਵਿੱਚ ਜਗੇੜਾ ਨਹਿਰ ਵਿੱਚ ਹਾਦਸੇ ਦਾ ਸ਼ਿਕਾਰ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸੁਆਲ ਚੁੱਕਿਆ ਕਰਦੇ ਸੀ ਕਿ ਸਰਕਾਰ ਦਾ ਖਜ਼ਾਨਾ ਖ਼ਾਲੀ ਕਿਉਂ ਹੈ? ਹੁਣ ਭਗਵੰਤ ਮਾਨ ਦੀ ਸਰਕਾਰ ਹੈ ਤਾਂ ਉਸ ਦਾ ਖਜ਼ਾਨਾ ਗਰੀਬਾਂ ਲਈ ਕਿਉਂ ਨਹੀਂ ਖੁੱਲ੍ਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ਼ ਨਾਮ ਦਾ ਮੁੱਖ ਮੰਤਰੀ ਹੈ, ਜਦੋਂ ਕਿ ਅਸਲ ਸਰਕਾਰ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ ਜਾ ਦੂਸਰੇ ‘ਆਪ’ ਆਗੂ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾ ਮੁਕਤ ਪੰਜਾਬ ਦਾ ਜੋ ਡਰਾਮਾ ਕਰ ਰਹੀ ਹੈ ਉਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗੁੰਮਰਾਹ ਕਰ ਰਹੀ ਹੈ ਜਦੋਂਕਿ ਹਕੀਕਤ ਇਹ ਹੈ ਕਿ ਪੰਜਾਬ ਦੀ ਹਰ ਗਲੀ ਵਿੱਚ ਨਸ਼ਾ ਆਮ ਵਿਕ ਰਿਹਾ ਹੈ। ਇਸ ਮੌਕੇ ਮੈਡਮ ਰਜ਼ੀਆ ਸੁਲਤਾਨਾ, ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਧੀ ਬੀਬਾ ਨਿਸ਼ਾਂਤ ਅਖ਼ਤਰ ਮੌਜੂਦ ਸਨ।

Advertisement
Show comments