ਹੜ੍ਹਾਂ ਕਾਰਨ ਤਬਾਹੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਚੰਨੀ
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਬਲਾਕ ਲੋਹੀਆਂ ਖਾਸ ਦੇ ਦਰਿਆ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਹੜ੍ਹ ਦੀ ਲਪੇਟ ਵਿਚ ਆਏ ਗੱਟਾ ਮੁੰਡੀ ਕਾਸੂ ਅਤੇ ਧੱਕਾ ਬਸਤੀ ਦੇ ਪੀੜਤਾਂ ਦੀਆਂ ਮੁਸ਼ਕਲਾਂ ਸੁਣੀਆਂ। ਸਾਬਕਾ ਮੁੱਖ ਮੰਤਰੀ ਨੇ ਪੰਜਾਬ ਵਿਚ ਹੜ੍ਹਾਂ ਨਾਲ ਹੋਈ ਭਿਆਨਕ ਤਬਾਹੀ ਲਈ ਪੰਜਾਬ ਦੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇ ਸਰਕਾਰ ਨੇ ਸਮੇਂ ਸਿਰ ਹੜ੍ਹਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਲੋਕਾਂ ਨੇ ਇਸ ਤਬਾਹੀ ਤੋਂ ਬਚ ਜਾਣਾ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੂੰ ਫੌਰੀ ਰਾਹਤ ਪਹੁੰਚਾਉਣ ਵੱਲ ਕਦਮ ਚੁੱਕਣ ਨਹੀਂ ਤਾਂ ਪੰਜਾਬ ਬਰਬਾਦ ਹੋ ਜਾਵੇਗਾ। ਉਨ੍ਹਾਂ ਧੁੱਸੀ ਬੰਨ੍ਹ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਸੁਖਦੀਪ ਸਿੰਘ ਕੰਗ (ਸੋਨੂੰ), ਦੀਪੂ ਸੈਦਪੁਰੀ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਮੌਜੂਦ ਸਨ।
ਚਰਨਜੀਤ ਸਿੰਘ ਚੰਨੀ ਜਦੋਂ ਬਲਾਕ ਲੋਹੀਆਂ ਖਾਸ ਦੇ ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਤਾਂ ਧੱਕਾ ਬਸਤੀ ਦੇ ਹੜ੍ਹ ਪੀੜਤਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਪੀੜਤਾਂ ਨੇ ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਚੰਨੀ ਨੂੰ ਮੰਗ ਪੱਤਰ ਸੌਪ ਕੇ ਐਮ ਪੀ ਕੋਟੇ ’ਚੋਂ ਫੌਰੀ ਮਦਦ ਕਰਨ ਲਈ ਕਿਹਾ।