ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਹਾੜੇ ਬਾਰੇ ਸਮਾਗਮਾਂ ਲਈ ਲੋਗੋ ਜਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਸਮਾਗਮਾਂ ਲਈ ਲੋਗੋ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਸ ਮਹਾਨ ਦਿਹਾੜੇ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਲੜੀਵਾਰ ਸਮਾਗਮ ਉਲੀਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 19 ਤੋਂ 25 ਨਵੰਬਰ ਤੱਕ ਇਤਿਹਾਸਕ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ 25 ਅਕਤੂਬਰ ਨੂੰ ਦਿੱਲੀ ਵਿੱਚ ਕੀਰਤਨ ਦਰਬਾਰ ਹੋਵੇਗਾ ਅਤੇ 25 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ’ਚ ਵੱਡਾ ਸਮਾਗਮ ਹੋਵੇਗਾ ਜਦੋਂ ਕਿ 20 ਨਵੰਬਰ ਤੋਂ ਜੰਮੂ, ਗੁਰਦਾਸਪੁਰ, ਫ਼ਰੀਦਕੋਟ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚਾਰ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਚਾਰ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਗੇ ਅਤੇ ਇਸ ਪਵਿੱਤਰ ਨਗਰ ਵਿੱਚ ਸੂਬਾ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ ਮਹਾਨ ਜੀਵਨ ਤੇ ਫ਼ਲਸਫ਼ੇ ਦੇ ਪਾਸਾਰ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਕੁਰਬਾਨੀ ’ਤੇ ਆਧਾਰਿਤ ਸਮਾਗਮ ਕਰਵਾਏ ਜਾਣਗੇ। ਸੂਬੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਗੁਰੂ ਤੇਗ ਬਹਾਦਰ ਦੇ ਜੀਵਨ, ਦਰਸ਼ਨ ਅਤੇ ਸ਼ਹਾਦਤ ’ਤੇ ਕੇਂਦਰਿਤ ਵਿਸ਼ੇਸ਼ ਸੈਮੀਨਾਰ ਅਤੇ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਦਿਹਾੜੇ ਨੂੰ ਸਦਭਾਵਨਾ ਅਤੇ ਸਮਾਜਿਕ ਏਕਤਾ ਦੀ ਭਾਵਨਾ ਨਾਲ ਮਨਾਉਣ ਤਾਂ ਜੋ ਦੇਸ਼ ਖਾਸ ਕਰਕੇ ਸੂਬੇ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਦੀ ਮਹਾਨ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਤਰੁਣਪ੍ਰੀਤ ਸਿੰਘ ਸੌਂਦ ਅਤੇ ਹਰਭਜਨ ਸਿੰਘ ਈ.ਟੀ.ਓ., ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਮੌਜੂਦ ਸਨ।