ਪੰਜਾਬ ਸਰਕਾਰ ਨੇ ਸੂਬੇ ਦੇ 25 ਸਕੂਲਾਂ ਦੇ ਨਾਮ ਦੇਸ਼ ਭਗਤਾਂ ਦੇ ਨਾਂ ’ਤੇ ਰੱਖੇ
ਆਤਿਸ਼ ਗੁਪਤਾ
ਪੰਜਾਬ ਸਰਕਾਰ ਨੇ ਸੂਬੇ ਦੇ 25 ਸਕੂਲਾਂ ਦੇ ਨਾਮ ਬਦਲ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖ ਦਿੱਤੇ ਹਨ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ ਵੱਲੋਂ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪਟਿਆਲਾ, ਪਠਾਨਕੋਟ, ਮਾਨਸਾ, ਫ਼ਰੀਦਕੋਟ ਤੇ ਬਰਨਾਲਾ ਦੇ ਤਿੰਨ-ਤਿੰਨ ਸਕੂਲਾਂ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਦੇ ਦੋ-ਦੋ ਸਕੂਲਾਂ ਜਦਕਿ ਸ੍ਰੀ ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਫਾਜ਼ਿਲਕਾ ਤੇ ਬਠਿੰਡਾ ਦੇ ਇੱਕ-ਇੱਕ ਸਕੂਲ ਦਾ ਨਾਂ ਬਦਲਿਆ ਹੈ।
ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਬਠਿੰਡਾ ਦੇ ਸਰਕਾਰੀ ਹਾਈ ਸਕੂਲ ਨਥੇਹਾ ਦਾ ਨਾਮ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਸਰਕਾਰੀ ਹਾਈ ਸਕੂਲ ਨਥੇਹਾ, ਬਰਨਾਲਾ ਦੇ ਸਰਕਾਰੀ ਮਿਡਲ ਸਕੂਲ ਧੌਲਾ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸੰਪੂਰਨ ਸਿੰਘ ਸਰਕਾਰੀ ਮਿਡਲ ਸਕੂਲ ਧੌਲਾ, ਸਰਕਾਰੀ ਹਾਈ ਸਕੂਲ ਕੁਤਬਾ ਦਾ ਨਾਮ ਸ਼ਹੀਦ ਸਿਪਾਹੀ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਕੁਤਬਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ੍ਹ ਦਾ ਨਾਮ ਸੁਤੰਰਤਾ ਸੰਗਰਾਮੀ ਅਜੈ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ੍ਹ ਰੱਖ ਦਿੱਤਾ ਹੈ।
ਇਸੇ ਤਰ੍ਹਾਂ ਫ਼ਰੀਦਕੋਟ ਦੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦਾ ਨਾਮ ਸੁਤੰਰਤਾ ਸੰਗਰਾਮੀ ਗੁਰਦੀਪ ਸਿੰਘ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ, ਸਰਕਾਰੀ ਹਾਈ ਸਕੂਲ ਢੈਪਈ ਦਾ ਨਾਮ ਸ਼ਹੀਦ ਹਵਾਲਦਾਰ ਅੰਮ੍ਰਿਤਪਾਲ ਸਿੰਘ ਸਰਕਾਰੀ ਹਾਈ ਸਕੂਲ ਢੈਪਈ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਦਾ ਨਾਮ ਸ਼ਹੀਦ ਸਿਪਾਹੀ ਮੇਜਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਰੱਖਿਆ ਗਿਆ ਹੈ।
ਫਾਜ਼ਿਲਕਾ ਦੇ ਸਰਕਾਰੀ ਹਾਈ ਸਕੂਲ ਕਾਠਗੜ੍ਹ ਦਾ ਨਾਮ ਸੁਤੰਤਰਤਾ ਸੰਗਰਾਮੀ ਨਾਰਾਇਣ ਸਿੰਘ ਸਰਕਾਰੀ ਹਾਈ ਸਕੂਲ ਕਾਠਗੜ੍ਹ, ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਬਲਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਲਕਟ ਦਾ ਨਾਮ ਸ਼ਹੀਦ ਲਾਂਸ ਨਾਇਕ ਸੁਖਪਾਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕਾਲਕਟ ਰੱਖਿਆ ਗਿਆ ਹੈ। ਮਾਨਸਾ ਦੇ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਦਾ ਨਾਮ ਸ਼ਹੀਦ ਸਿਪਾਹੀ ਬੂਟਾ ਸਿੰਘ ਸਰਕਾਰੀ ਮਿਡਲ ਸਕੂਲ ਦਾਨੇਵਾਲਾ, ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਦਾ ਨਾਮ ਸੁਤੰਤਰਤਾ ਸੰਗਰਾਮੀ ਚੇਤ ਸਿੰਘ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੰਮੇਕਲਾਂ ਦਾ ਨਾਮ ਸ਼ਹੀਦ ਸਿਪਾਹੀ ਮਨਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਭੰਮੇਕਲਾਂ ਰੱਖਿਆ ਗਿਆ ਹੈ। ਪਠਾਨਕੋਟ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਗਾਹਲ ਦਾ ਨਾਮ ਸ਼ਹੀਦ ਸਿਪਾਹੀ ਬਲਵਿੰਦਰ ਸਿੰਘ ਸਰਕਾਰੀ ਮਿਡਲ ਸਮਾਰਟ ਸਕੂਲ ਗਾਹਲ, ਸਕੂਲ ਆਫ਼ ਐਮੀਨੈਂਸ ਪਠਾਨਕੋਟ ਦਾ ਨਾਮ ਸੁਤੰਤਰਤਾ ਸੰਗਰਾਮੀ ਬਚਿੱਤਰ ਸਿੰਘ ਠਾਕੁਰ ਸਕੂਲ ਆਫ਼ ਐਮੀਨੈਂਸ ਪਠਾਨਕੋਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਬਾਬਾ ਬਸੰਤਪੁਰੀ ਫਰਵਾਲ ਕਲੋਨੀ ਦਾ ਨਾਮ ਸ਼ਹੀਦ ਸਿਪਾਹੀ ਅਸ਼ੋਕ ਕੁਮਾਰ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮਾਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਦਾ ਨਾਮ ਸ਼ਹੀਦ ਬਾਬਾ ਸੁਧਾ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦਾ ਨਾਮ ਸੁਤੰਤਰਤਾ ਸੰਗਰਾਮੀ ਸੋਹਨ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਦਾ ਨਾਂ ਸ਼ਹੀਦ ਸਿਪਾਹੀ ਸਤਨਾਮ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਹੈ।
ਸਿੱਖਿਆ ਵਿਭਾਗ ਨੇ ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਛੇਹਰਟਾ ਦਾ ਨਾਮ ਮਹਿੰਦਰ ਸਿੰਘ ਗਿੱਲ, ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਬਕਾਲਾ ਦਾ ਨਾਂ ਸੁਤੰਤਰਤਾ ਸੰਗਰਾਮੀ ਬਚਨ ਸਿੰਘ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਏਪੁੂਰ ਅਰਾਈਆਂ ਦਾ ਨਾਮ ਸ਼ਹੀਦ ਗੁਰਜੰਟ ਸਿੰਘ, ਪਟਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਰਬਨ ਅਸਟੇਟ ਫੇਜ਼-1 ਦਾ ਨਾਂ ਸੁਤੰਤਰਤਾ ਸੰਗਰਾਮੀ ਮੋਹਨ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਦਾ ਨਾਂ ਸ਼ਹੀਦ ਸਿਪਾਹੀ ਪਰਦੀਪ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸਾਗਰਾ ਦਾ ਨਾਂ ਸੁਤੰਤਰਤਾ ਸੰਗਰਾਮੀ ਅਜੈ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਹੈ।
ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਐਸੋਸੀਏਸ਼ਨ ਵੱਲੋਂ ਬਾਕੀ ਮੰਗਾਂ ਵੀ ਮੰਨਣ ਦੀ ਅਪੀਲ
ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਨੇ ਸਕੂਲਾਂ ਦੇ ਨਾਮ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਨਾਮ ’ਤੇ ਰੱਖਣ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਕਿਹਾ ਕਿ ਹਾਲੇ ਵੀ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਮੰਗਾਂ ਬਕਾਇਆ ਹਨ, ਜਿਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ।