ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਪਾਸਿਉਂ ਮਦਦ ਕਰ ਰਹੀ ਹੈ: ਸੌਂਦ
ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਹਰ ਪ੍ਰਕਾਰ ਦੀ ਰਾਹਤ ਪਹੁੰਚਾ ਰਹੀ ਹੈ ਜਦਕਿ ਕੇਂਦਰ ਸਰਕਾਰ ਦਾ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਜਾਰੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਅਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨੇ ਹੋਣ, ਪੰਜਾਬ ਹਮੇਸ਼ਾ ਦੇਸ਼ ਲਈ ਅੱਗੇ ਹੋ ਕੇ ਖੜ੍ਹਦਾ ਹੈ, ਪਰ ਅੱਜ ਜਦ ਪੰਜਾਬ ਨੂੰ ਲੋੜ ਪਈ ਤਾਂ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰਨ ਤੋਂ ਪੱਲਾ ਝਾੜ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 6185 ਪਰਿਵਾਰ ਪ੍ਰਭਾਵਿਤ ਹੋਏ ਹਨ। ਉਹਨਾਂ ਆਖਿਆ ਕਿ ਰਾਹਤ ਕਾਰਜਾਂ ਵਿੱਚ ਐਨ ਡੀ ਆਰ ਐਫ ਦੀਆਂ ਚਾਰ, ਆਰਮੀ ਦੀਆਂ ਦੋ ਅਤੇ ਬੀਐਸਐਫ ਦੀ ਇੱਕ ਟੀਮ ਕਾਰਜਸ਼ੀਲ ਹੈ। ਹੁਣ ਤੱਕ 8599 ਰਾਸ਼ਨ ਕਿੱਟਾਂ ਲੋਕਾਂ ਨੂੰ ਤਕਸੀਮ ਕੀਤੀਆਂ ਗਈਆਂ ਹਨ ਜਦਕਿ ਲਗਪਗ 5 ਹਜ਼ਾਰ ਥੈਲੇ ਕੈਟਲ ਫੀਡ ਲੋਕਾਂ ਨੂੰ ਦੁਧਾਰੂ ਜਾਨਵਰਾਂ ਲਈ ਵੰਡੀ ਗਈ ਹੈ।