ਪੰਜਾਬ ਸਰਕਾਰ ਡੈਮਾਂ ਦੀ ਨਿਗਰਾਨੀ ਵੀ ਨਾ ਕਰ ਸਕੀ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪੰਜਾਬ ਨੂੰ ਹੜ੍ਹਾਂ ਨਾਲ ਡੋਬਣ ਦਾ ਦੋਸ਼ ਲਾਇਆ। ਉਨ੍ਹਾਂ ਆਖਿਆ ਕਿ ਸਰਕਾਰ ਦੀ ਲਾਪਰਵਾਹੀ ਦੀ ਸਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤੀ।
ਇੱਥੇ ਦਾਣਾ ਮੰਡੀ ਵਿੱਚ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਵੰਡਣ ਪੁੱਜੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਡੈਮਾਂ ਅਤੇ ਬੰਨ੍ਹਾਂ ਦੀ ਸਾਲ ਵਿੱਚ ਦੋ ਵਾਰ ਨਿਗਰਾਨੀ ਹੁੰਦੀ ਸੀ ਪਰ ‘ਆਪ’ ਸਰਕਾਰ ਨੇ ਇਸ ਪਾਸੇ ਗ਼ੌਰ ਨਹੀਂ ਕੀਤਾ, ਜੇ ਸਰਕਾਰ ਸਮੇਂ-ਸਿਰ ਫੰਡ ਜਾਰੀ ਕਰ ਦਿੰਦੀ ਤਾਂ ਇਸ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਹੁਣ ਪੀੜਤਾਂ ਨੂੰ ਰਾਹਤ ਦੇਣ ਦੀ ਬਜਾਏ ਕੇਂਦਰ ਤੇ ਪੰਜਾਬ ਸਰਕਾਰ ਆਪਸ ਵਿੱਚ ਮਿਹਣੋ-ਮਿਹਣੀ ਹੋ ਰਹੇ ਹਨ। ਸ਼੍ੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੀ ਮੁਦੱਈ ਪਾਰਟੀ ਹੈ ਤੇ ਹਰ ਸਮੇਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਤਰਾਸਦੀ ਮੌਕੇ ਅਕਾਲੀ ਵਰਕਰਾਂ ਨੇ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਮੁੱਹਈਆ ਕਰਵਾਈ ਹੈ ਅਤੇ ਹੁਣ ਫਿਰ ਆਪਣੇ ਵਾਅਦੇ ਮੁਤਾਬਕ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਵੰਡਿਆ ਜਾ ਰਿਹਾ ਹੈ। ਅੱਜ ਹਜ਼ਾਰ ਕੁਇੰਟਲ ਕਣਕ ਦਾ ਬੀਜ ਵੰਡਿਆ ਗਿਆ ਹੈ ਅਤੇ ਲੋੜ ਮੁਤਾਬਕ ਹੋਰ ਬੀਜ ਵੀ ਮੁੱਹਈਆ ਕਰਵਾਇਆ ਜਾਵੇਗਾ।