Punjab Floods: ਵਿੱਤ ਮੰਤਰੀ ਚੀਮਾ ਦਾ ਕੇਂਦਰ ’ਤੇ ਇਲਜ਼ਾਮ ; ਪੰਜਾਬ ਨਾਲ ਅਜਿਹੇ ਹਲਾਤਾਂ ’ਚ ਵੀ ਹੋ ਰਿਹਾ ਵਿਤਕਰਾ
ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਪੰਜਾਬ ਦੇ ਮੁੱਖ ਮੰਤਰੀ ਸਣੇ ਕੈਬਨਿਟ ਮੰਤਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ । ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭੋਆ ਵਿਧਾਨ ਸਭਾ ਹਲਕੇ ਦੇ ਕਥਲੌਰ ਵਿਖੇ ਰਾਵੀ ਦਰਿਆ ਦੇ ਨੇੜਲੇ ਖੇਤਰਾਂ ਦਾ ਦੌਰਾ ਕੀਤਾ। ਮੰਤਰੀ ਚੀਮਾ ਨੇ ਕੇਂਦਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਪੰਜਾਬ ’ਤੇ ਹੜ੍ਹਾਂ ਦੀ ਬਿਪਤਾ ਆਣ ਪਈ ਹੈ ਪਰ ਦੇਸ਼ ਦੀ ਕੇਂਦਰ ਸਰਕਾਰ ਸੁੱਤੀ ਪਈ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰ ਦੇ ਸਾਰੇ ਮੰਤਰੀ ਚੁੱਪ ਵੱਟੀ ਬੈਠੇ ਹਨ।
ਉਨ੍ਹਾਂ ਕਿਹਾ ਕਿ ਅਜੇ ਕੁੱਝ ਸਮੇਂ ਪਹਿਲਾਂ ਹੀ ਆਪਰੇਸ਼ਨ ਸਿੰਧੂਰ ਸਮੇਂ ਪਾਕਿਸਤਾਨ ਦੇ ਨਾਲ ਜੰਗ ਵੇਲੇ ਸਭ ਤੋਂ ਵੱਧ ਨੁਕਸਾਨ ਇਸੇ ਸਰਹੱਦੀ ਖੇਤਰ ਦਾ ਹੋਇਆ ਤੇ ਹੁਣ ਵੀ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਹ ਖੇਤਰ ਹੋ ਰਿਹਾ ਹੈ। ਇਸ ਕਰਕੇ ਪੰਜਾਬ ਨੂੰ ਤਾਂ ਦੋਹਰੀ ਮਾਰ ਪਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਚੁੱਪ ਹਨ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ ਪੰਜਾਬ ਦੇ 60 ਹਜ਼ਾਰ ਕਰੋੜ ਰੁਪਏ ਕੇਂਦਰ ਵੱਲ ਬਕਾਇਆ ਪਏ ਹਨ, ਜੇ ਹੋਰ ਪੈਸੇ ਨਹੀਂ ਦੇਣੇ ਤਾਂ ਘੱਟੋ ਘੱਟ ਸਾਡੀ ਬਕਾਇਆ ਰਾਸ਼ੀ ਦੇ ਦੇਵੋ। ਦੁੱਖ ਦੀ ਇਸ ਘੜੀ ਵਿੱਚ ਚਾਰ ਸ਼ਬਦ ਤਾਂ ਕੀ ਬੋਲਣੇ ਸੀ ਸਗੋਂ ਸਾਡੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ।
ਲੰਘੇ ਕੱਲ੍ਹ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਟੈਲੀਫੋਨ ’ਤੇ ਗੱਲਬਾਤ ਬਾਰੇ ਵਿੱਤ ਮੰਤਰੀ ਦਾ ਕਿਹਾ ਕਿ ਗੱਲਬਾਤ ਜ਼ਰੂਰ ਹੋਈ ਪਰ ਰਾਹਤ ਦਾ ਕੋਈ ਪੈਕੇਜ਼ ਨਹੀਂ ਐਲਾਨਿਆ ਅਤੇ ਨਾ ਹੀ ਕੋਈ ਧੇਲਾ ਪੰਜਾਬ ਨੂੰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ ਸਾਰੇ ਪੰਜਾਬ ਅੰਦਰ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ, ਮਜ਼ਦੂਰ ਮਰ ਰਿਹਾ, ਕਿਸਾਨ ਮਰ ਰਿਹਾ, ਵਪਾਰੀ ਮਰ ਰਿਹਾ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੈ।
ਪੂਰੀ ਪੰਜਾਬ ਸਰਕਾਰ, ਸਾਰੇ ਮੰਤਰੀ, ਸਾਰੇ ਐਮਐਲਏ ਤੇ ਪੂਰਾ ਪ੍ਰਸ਼ਾਸਨ ਲੋਕਾਂ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਮੱਦਦ ਕਰ ਰਹੇ ਹਨ ਪਰ ਕੇਂਦਰ ਦੀ ਸਰਕਾਰ, ਪੰਜਾਬ ਦੀ ਮੱਦਦ ਨਹੀਂ ਕਰ ਰਹੀ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ, ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ।