ਵੋਟ ਚੋਰੀ ਮਾਮਲੇ ਨੂੰ ਹਰ ਵੋਟਰ ਤੱਕ ਪਹੁੰਚਾਏਗੀ ਪੰਜਾਬ ਕਾਂਗਰਸ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਸਰਕਾਰ ’ਤੇ ਸੰਸਦੀ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਵੋਟਾਂ ਦੀ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਆਪਣੇ ਪੱਧਰ ’ਤੇ ਕੀਤੀ ਗਈ ਘੋਖ ਅਤੇ ਜਾਂਚ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੰਸਦੀ ਚੋਣਾਂ ਦੌਰਾਨ ਕੀਤੀ ਗਈ ਹੇਰਾਫੇਰੀ ਨੂੰ ਜਨਤਕ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਸੰਸਦੀ ਚੋਣਾਂ ਵਿੱਚ ਵੋਟਾਂ ਦੀ ਹੋਈ ਹੇਰੀਫੇਰੀ ਦਾ ਇੱਕ ਵੱਡਾ ਖੁਲਾਸਾ ਕੀਤਾ ਹੈ। ਕਾਂਗਰਸੀ ਆਗੂਆਂ ਨੇ ਆਖਿਆ ਕਿ ਪੰਜਾਬ ਕਾਂਗਰਸ ਵੱਲੋਂ ਇਸ ਮਾਮਲੇ ਨੂੰ ਸੂਬੇ ਵਿੱਚ ਹਰ ਇੱਕ ਵੋਟਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹੋ ਰਹੀ ਇਸ ਹੇਰਾਫੇਰੀ ਅਤੇ ਘਪਲੇ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸੇ ਯਤਨ ਤਹਿਤ ਅੱਜ ਇੱਥੇ ਵੀ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਰਾਜ ਕੁਮਾਰ ਹਾਜ਼ਰ ਸਨ। ਵੜਿੰਗ ਨੇ ਆਖਿਆ ਕਿ ਕਾਂਗਰਸ ਨੂੰ ਲੰਮੇ ਸਮੇਂ ਤੋਂ ਸ਼ੱਕ ਸੀ ਕਿ ਚੋਣਾਂ ਦੌਰਾਨ ਹੇਰਾਫੇਰੀ ਹੋ ਰਹੀ ਹੈ, ਪਰ ਕਾਂਗਰਸ ਕੋਲ ਕੋਈ ਸਬੂਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਹੋਈਆਂ ਸੰਸਦੀ ਚੋਣਾਂ ਵਿੱਚ ਕਾਂਗਰਸ ਨੂੰ ਯਕੀਨ ਸੀ ਕਿ ਉਹ ਕਰਨਾਟਕ ਸੂਬੇ ਵਿੱਚ 16 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਸੰਬੰਧ ਵਿੱਚ ਸਰਵੇਖਣ ਵੀ ਕਰਵਾਇਆ ਗਿਆ ਸੀ। ਜਦੋਂ ਚੋਣ ਨਤੀਜੇ ਆਏ ਤਾਂ ਕਾਂਗਰਸ ਸਿਰਫ ਨੌ ਸੀਟਾਂ ’ਤੇ ਸਿਮਟ ਕੇ ਰਹਿ ਗਈ, ਜਿਸ ਨੇ ਹੇਰਾਫੇਰੀ ਸਬੰਧੀ ਸ਼ੱਕ ਨੂੰ ਹੋਰ ਮਜ਼ਬੂਤ ਕਰ ਦਿੱਤਾ। ਰਾਹੁਲ ਗਾਂਧੀ ਵੱਲੋਂ ਇਸ ਸੰਬੰਧ ਵਿੱਚ ਚੋਣ ਕਮਿਸ਼ਨ ਕੋਲੋਂ ਡਿਜੀਟਲ ਵੋਟਰ ਸੂਚੀ, ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਮੰਗੇ ਗਏ, ਪਰ ਚੋਣ ਕਮਿਸ਼ਨ ਨੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਸ ਵਿੱਚ ਕਰਨਾਟਕਾ ਦੇ ਸੈਂਟਰਲ ਲੋਕ ਸਭਾ ਹਲਕੇ ਵਿੱਚ ਇੱਕ ਵਿਧਾਨ ਸਭਾ ਹਲਕੇ ਵਿੱਚ ਵੱਡੇ ਪੱਧਰ ’ਤੇ ਵੋਟਰ ਸੂਚੀਆਂ ਵਿੱਚ ਹੇਰਾ ਫੇਰੀ ਸਾਹਮਣੇ ਆਈ ਹੈ।