ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਕਾਂਗਰਸ ਵੱਲੋਂ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ

ਹਰਿਆਣਾ ਵਿੱਚ ‘ਵੋਟ ਚੋਰੀ’ ਮਾਮਲੇ ’ਤੇ ਚੋਣ ਕਮਿਸ਼ਨ ਨੂੰ ਘੇਰਿਆ: ਚੋਣ ਕਮਿਸ਼ਨ ਦੀ ਭੁੂਮਿਕਾ ਦੀ ਨਿਆਂਇਕ ਜਾਂਚ ਮੰਗੀ
ਪੰਚਕੂਲਾ ’ਚ ਮੁਜ਼ਾਹਰਾ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ। -ਫੋਟੋ: ਰਵੀ ਕੁਮਾਰ
Advertisement

ਪੰਜਾਬ ਕਾਂਗਰਸ ਨੇ ਅੱਜ ਇਥੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀਆਂ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ‘ਵੋਟ ਚੋਰੀ’ ਕਰਨ ਦੇ ਦੋਸ਼ ਲਗਾਏ। ਕਾਂਗਰਸੀ ਆਗੂ ਗਗਨਦੀਪ ਸਿੰਘ ਬੌਬੀ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਣਜੀਤ ਸਿੰਘ ਜੀਤੀ ਤੇ ਕਰਨਬੀਰ ਸਿੰਘ ਰੂਬੀ ਸਿੱਧੂ ਸਣੇ ਹੋਰਨਾਂ ਆਗੂਆਂ ਨੇ ਕਿਹਾ ਕਿ ਲੰਘੇ ਦਿਨ ਰਾਹੁਲ ਗਾਂਧੀ ਨੇ ਸਾਬਤ ਕਰ ਦਿੱਤਾ ਸੀ ਕਿ ਕਿਵੇਂ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੇਰਾਫੇਰੀ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਖੁਲਾਸਾ ਕੀਤਾ ਕਿ ਭਾਜਪਾ ਨੇ ਹਰਿਆਣਾ ਵਿੱਚ 25 ਲੱਖ ਤੋਂ ਵੱਧ ਜਾਅਲੀ ਵੋਟਾਂ ਦੇ ਆਧਾਰ ’ਤੇ ਚੋਣ ਜਿੱਤੀ ਹੈ। ਉਨ੍ਹਾਂ ਨੇ ਢਕੋਲਾ ਪਿੰਡ ਦੇ ਦੋ ਪੋਲਿੰਗ ਬੂਥਾਂ ’ਤੇ ਇੱਕ ਔਰਤ ਦਾ ਨਾਮ 223 ਵਾਰ ਦਿਖਾਈ ਦੇਣ ਦੇ ਸਬੂਤ ਦਿਖਾਏ ਅਤੇ ਇੱਥੋਂ ਤੱਕ ਕਿ ਬ੍ਰਾਜ਼ੀਲੀ ਮਾਡਲ ਦੀ ਫੋਟੋ ਵੀ 10 ਬੂਥਾਂ ’ਤੇ ਵੱਖ-ਵੱਖ ਨਾਵਾਂ ਹੇਠ 22 ਵਾਰ ਵਰਤਣ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਲਗਪਗ 3.5 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ। ਕਾਂਗਰਸੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਜਾਅਲੀ ਵੋਟਾਂ ਦੀ ਤਸਦੀਕ ਕਰਨ ਵਾਲੇ ਸਾਫਟਵੇਅਰ ਨੂੰ ਵੀ ਬੰਦ ਕਰ ਦਿੱਤਾ। ਹਰਿਆਣਾ ਵਿੱਚ ਕਾਂਗਰਸ ਨੇ ਪੋਸਟਲ ਬੈਲੇਟ ਵਿੱਚ 73 ਅਤੇ ਭਾਜਪਾ ਨੇ 17 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਮੁੱਖ ਬੈਲੇਟ ਦੇ ਨਤੀਜਾ ਬਿਲਕੁੱਲ ਵੱਖਰੇ ਸਨ। ਇਸ ਤੋਂ ਪਤਾ ਚਲਦਾ ਹੈ ਕਿ ਭਾਜਪਾ ਵੱਲੋਂ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਸਭ ਕੁਝ ਕੀਤਾ ਗਿਆ। ਭਾਜਪਾ ਵੱਲੋਂ ਦੇਸ਼ ਵਿੱਚ ਜਮਹੂਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੋਣ ਕਮਿਸ਼ਨ ਦੀ ਭੂਮਿਕਾ ਦੀ ਤੁਰੰਤ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿਚ ਕਾਂਗਰਸੀ ਵਰਕਰ ਉਦੋਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ, ਜਦੋਂ ਤੱਕ ਲੋਕਤੰਤਰੀ ਪ੍ਰਕਿਰਿਆ ਦੀ ਪਵਿੱਤਰਤਾ ਬਹਾਲ ਨਹੀਂ ਹੋ ਜਾਂਦੀ ਅਤੇ ਲੋਕਤੰਤਰ ਖ਼ਿਲਾਫ਼ ਇਸ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਇਆ ਜਾਂਦਾ। ਇਸ ਮੌਕੇ ਹੈਪੀ ਖਹਿਰਾ, ਵਿਪਨ ਸ਼ਰਮਾ, ਅਮਿਤ, ਗਿਆਨ ਸਿੰਘ, ਜੰਗ ਬਹਾਦਰ, ਰਮਨਦੀਪ ਨਰੂਲਾ, ਜਤਿੰਦਰ ਕੁਮਾਰ ਤੇ ਹੋਰ ਆਗੂ ਮੌਜੂਦ ਰਹੇ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅੱਗੇ ਮੁਜ਼ਾਹਰਾ

ਪੰਚਕੂਲਾ (ਪੀ ਪੀ ਵਰਮਾ): ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਥਿਤ ਤੌਰ ’ਤੇ ਵੋਟ ਚੋਰੀ ਅਤੇ ਚੋਣ ਧਾਂਦਲੀ ਖ਼ਿਲਾਫ਼ ਅੱਜ ਇਥੇ ਸੈਕਟਰ-17 ਵਿੱਚ ਕਾਂਗਰਸੀਆਂ ਨੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਵਿੱਚ ਯੂਥ ਕਾਂਗਰਸ, ਮਹਿਲਾ ਕਾਂਗਰਸ, ਸੇਵਾ ਦਲ ਅਤੇ ਐੱਨ ਐੱਸ ਯੂ ਆਈ ਦੇ ਆਗੂ ਸ਼ਾਮਲ ਹੋਏ ਤੇ ਉਨ੍ਹਾਂ ਨੇ ਹੱਥਾਂ ’ਚ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ’ਤੇ ‘ਵੋਟ ਚੋਰੀ ਬੰਦ ਕਰੋ- ਲੋਕਤੰਤਰ ਬਚਾਓ,’’ ‘‘ਚੋਣ ਕਮਿਸ਼ਨ ਜਵਾਬ ਦਿਓ,’’ ਅਤੇ ‘‘ਹਰਿਆਣਾ ਦਾ ਫ਼ਤਵਾ ਬਹਾਲ ਕਰੋ’’ ਵਰਗੇ ਨਾਅਰੇ ਲਿਖੇ ਹੋਏ ਸਨ। ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਉਠਾਏ ਅਤੇ ਚੋਣ ਕਮਿਸ਼ਨ ਦਾ ਪੁਤਲਾ ਸਾੜਿਆ। ਇਸ ਮੌਕੇ ਸਾਬਕਾ ਵਿਧਾਇਕ ਪ੍ਰਦੀਪ ਚੌਧਰੀ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨਿਸ਼ਿਤ ਕਟਾਰੀਆ, ਐੱਨ ਐੱਸ ਯੂ ਆਈ ਦੇ ਸੂਬਾ ਪ੍ਰਧਾਨ ਅਵਿਨਾਸ਼ ਯਾਦਵ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਚੰਦਵੀਰ ਹੁੱਡਾ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਸੁਧਾ ਭਾਰਦਵਾਜ, ਪੰਚਕੂਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਚੌਹਾਨ, ਚੰਡੀਗੜ੍ਹ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀਪਕ ਲੁਬਾਣਾ, ਸੇਵਾ ਦਲ ਦੀ ਸੂਬਾ ਪ੍ਰਧਾਨ ਪੂਨਮ ਚੌਹਾਨ, ਮਹਿਲਾ ਸੇਵਾ ਦਲ ਦੀ ਸੂਬਾ ਪ੍ਰਧਾਨ ਸੁਨੀਤਾ ਸ਼ਰਮਾ, ਸੂਬਾਈ ਬੁਲਾਰਾ ਪਵਨ ਜੈਨ, ਪੰਚਕੂਲਾ ਜ਼ਿਲ੍ਹਾ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਅੰਕੁਰ ਗੁਲਾਟੀ, ਸੂਬਾਈ ਬੁਲਾਰਾ ਰਵਿੰਦਰ ਰਾਵਲ, ਕਾਲਕਾ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਮਨਵੀਰ ਕੌਰ ਗਿੱਲ ਤੇ ਹੋਰ ਵਰਕਰ ਮੌਜੂਦ ਸਨ।

Advertisement

Advertisement
Show comments