ਪੰਜਾਬ ਭਾਜਪਾ ਨੇ ਸੱਦੀ ਲੋਕਾਂ ਦੀ ਵਿਧਾਨ ਸਭਾ
ਆਤਿਸ਼ ਗੁਪਤਾ
ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਹੁਣ ਪੰਜਾਬ ਭਾਜਪਾ ਨੇ ਸੂਬਾ ਸਰਕਾਰ ਵਿਰੁੱਧ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਭਾਜਪਾ ਨੇ 29 ਸਤੰਬਰ ਨੂੰ ਇੱਥੇ ਸੈਕਟਰ-37 ਸਥਿਤ ਪਾਰਟੀ ਦਫ਼ਤਰ ਵਿੱਚ ‘ਲੋਕਾਂ ਦੀ ਵਿਧਾਨ ਸਭਾ’ ਬੁਲਾਈ ਹੈ। ਇਸ ਬਾਰੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਮਰਯਾਦਾ ਦਾ ਘਾਣ ਹੋ ਜਾਵੇ, ਸਪੀਕਰ ਆਪਣਾ ਸੰਵਿਧਾਨਕ ਫ਼ਰਜ਼ ਭੁੱਲ ਜਾਵੇ, ਹਾਕਮ ਧਿਰ ਲੋਕਾਂ ਦੀਆਂ ਆਵਾਜ਼ਾਂ ਦਾ ਮਖੌਲ ਬਣਾਉਣ ਲੱਗ ਪਏ ਸਰਕਾਰ ਆਪਣਾ ਫ਼ਰਜ਼ ਭੁੱਲ ਜਾਵੇ, ਤਾਂ ਲੋਕਾਂ ਦੀ ਆਪਣੀ ਵਿਧਾਨ ਸਭਾ ਬੁਲਾਉਣਾ ਲਾਜ਼ਮੀ ਬਣ ਜਾਂਦਾ ਹੈ। ਇਸੇ ਲਈ ਪੰਜਾਬ ਭਾਜਪਾ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ‘ਲੋਕਾਂ ਦੀ ਵਿਧਾਨ ਸਭਾ’ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਚਲਾਈ ਜਾਣ ਵਾਲੀ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖਿਆਂ ਅਤੇ ਪੰਜਾਬ ਦੇ ਨੁਕਸਾਨਾਂ ਬਾਰੇ ਖੁੱਲ੍ਹੀ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਥਾਂ ਕੀਤੀ ਜਾ ਰਹੀ ਲੁੱਟ ਅਤੇ ਐੱਸ.ਡੀ.ਆਰ.ਐੱਫ. ਦੇ ਫੰਡਾਂ ਦੀ ਦੁਰਵਰਤੋਂ ਕਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਭਾਜਪਾ ਨਾਲ ਸਬੰਧਤ ਸਾਰੇ ਸਾਬਕਾ ਮੰਤਰੀ, ਮੌਜੂਦਾ ਤੇ ਸਾਬਕਾ ਵਿਧਾਇਕ, ਸਾਬਕਾ ਸੂਬਾ ਪ੍ਰਧਾਨ, ਸਾਬਕਾ ਸੰਸਦ ਮੈਂਬਰ, ਸੂਬਾ ਕੋਰ ਕਮੇਟੀ ਮੈਂਬਰ, ਸੂਬਾ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਹਿੱਸਾ ਲੈਣਗੇ।