ਪੰਜਾਬ: ਹਵਾ ਦੀ ਗੁਣਵੱਤਾ ’ਚ ਪਹਿਲਾਂ ਨਾਲੋਂ ਸੁਧਾਰ
ਪੰਜਾਬ ਵਿਚ ਇਸ ਸਾਲ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਪਿਛਲੇ ਸਾਲਾਂ ਨਾਲੋਂ ਕਾਫ਼ੀ ਬਿਹਤਰ ਰਹੀ। ਪਰ ਫਿਰ ਵੀ ਮਨੁੱਖੀ ਸਿਹਤ ਤੋਂ ਇਲਾਵਾ ਜਨ ਜੀਵਨ ਲਈ ਕਾਫ਼ੀ ਖ਼ਰਾਬ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਏਸ਼ੀਆ ਦੇ ਲੋਹੇ ਅਤੇ ਸਟੀਲ ਦੇ ਕੇਂਦਰ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ। ਇੱਥੇ 20 ਅਕਤੂਬਰ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 207 ਸੀ, ਜੋ 21 ਅਕਤੂਬਰ ਨੂੰ ਵੱਧ ਕੇ 297 ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ 271, ਜਲੰਧਰ ਵਿੱਚ 247, ਅੰਮ੍ਰਿਤਸਰ ਵਿੱਚ 224 ਅਤੇ ਪਟਿਆਲਾ ਵਿੱਚ 206 ਏ ਕਿਊ ਆਈ ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਅੰਕੜੇ ਦਰਸਾਉਂਦੇ ਹਨ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਦਾ ਔਸਤ ਏ ਕਿਊ ਆਈ 117 ਸੀ, ਜੋ ਦੀਵਾਲੀ ਵਾਲੇ ਦਿਨ 151 ਅਤੇ ਅਗਲੇ ਦਿਨ ਵਧ ਕੇ 231 ਹੋ ਗਿਆ। ਇਸ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸਾਲ 2023 ਵਿੱਚ ਦੀਵਾਲੀ ਤੋਂ ਬਾਅਦ ਔਸਤ ਏ ਕਿਊ ਆਈ 272, 2024 ਵਿੱਚ 265 ਅਤੇ ਇਸ ਸਾਲ ਇਹ 231 ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਕਾਰਾਤਮਕ ਰੁਝਾਨ ਦਾ ਕਾਰਨ ਪਰਾਲੀ ਸਾੜਨ ਦੀਆਂ ਘੱਟ ਘਟਨਾਵਾਂ, ਪ੍ਰਦੂਸ਼ਣ ਰੋਕਣ ਲਈ ਸਰਕਾਰ ਵੱਲੋਂ ਅਪਣਾਈਆਂ ਸਖ਼ਤ ਨੀਤੀਆਂ ਅਤੇ ਅਨੁਕੂਲ ਮੌਸਮੀ ਹਾਲਾਤ ਹਨ। ਭਾਵੇਂ ਦੀਵਾਲੀ ਦੀ ਰਾਤ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜ੍ਹੇ ਸਮੇਂ ਲਈ ਵਾਧਾ ਹੋਇਆ ਪਰ ਸਮੁੱਚੇ ਪੱਧਰ ’ਤੇ ਸਥਿਤੀ ਪਿਛਲੇ ਸਾਲਾਂ ਨਾਲੋਂ ਕਾਬੂ ਵਿੱਚ ਰਹੀ।