ਪੰਜਾਬ ਐਗਰੋ ਲਾਵੇਗੀ ਪੰਪ ਤੇ ਚਾਰਜਿੰਗ ਸਟੇਸ਼ਨ
ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਨੇ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ’ਤੇ ਪੈਟਰੋਲ ਪੰਪ, ਸੀ ਐੱਨ ਜੀ ਸਟੇਸ਼ਨ ਅਤੇ ਇਲੈਕਟ੍ਰਿਕ ਵ੍ਹੀਕਲ ਚਾਰਜਿੰਗ ਸਟੇਸ਼ਨ ਲਾਉਣ ਦੀ ਯੋਜਨਾ ਉਲੀਕੀ ਹੈ। ਇਸੇ ਤਰ੍ਹਾਂ ਪੰਜਾਬ ਐਗਰੋ ਵੱਲੋਂ ਟਿਕਾਊ ਖੇਤੀਬਾੜੀ ਅਤੇ ਖੇਤੀ-ਆਧਾਰਿਤ ਸਨਅਤੀ ਵਿਕਾਸ ਤਹਿਤ ਐਗਰੋਫੋਰੈਸਟਰੀ, ਚਾਰੇ ਅਤੇ ਹੋਰ ਖੇਤੀ-ਆਧਾਰਿਤ ਪ੍ਰਾਜੈਕਟ ਵੀ ਲਾਏ ਜਾਣਗੇ। ਪੰਜਾਬ ਐਗਰੋ ਨੇ ਪੰਚਾਇਤ ਵਿਭਾਗ ਨੂੰ ਦੋ ਵੱਖ-ਵੱਖ ਪੱਤਰ ਭੇਜ ਕੇ ਸਬੰਧਤ ਪ੍ਰਾਜੈਕਟਾਂ ਲਈ ਲੰਬੀ ਲੀਜ਼ ’ਤੇ ਪੰਚਾਇਤੀ ਜ਼ਮੀਨਾਂ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਇਸ ’ਤੇ ਕਾਰਵਾਈ ਕਰਦਿਆਂ ਪੰਚਾਇਤ ਵਿਭਾਗ ਦੇ ਸਹਾਇਕ ਡਾਇਰੈਕਟਰ (ਆਰ ਡੀ) ਨੇ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਦੇ ਡਿਵੀਜ਼ਨਲ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਲਿਖ ਕੇ ਖੇਤੀ-ਆਧਾਰਿਤ ਸਨਅਤਾਂ ਲਈ ਲੰਮੀ ਲੀਜ਼ ’ਤੇ ਪੰਚਾਇਤੀ ਜ਼ਮੀਨਾਂ ਹਾਸਲ ਕਰਨ ਲਈ ਜ਼ਮੀਨਾਂ ਦੀ ਸ਼ਨਾਖਤ ਕਰਕੇ 7 ਨਵੰਬਰ ਤੱਕ ਰਿਪੋਰਟ ਭੇਜਣ ਲਈ ਕਿਹਾ ਹੈ। ਪੱਤਰ ਨਾਲ ਪੰਜਾਬ ਐਗਰੋ ਦੇ ਐੱਮ ਡੀ ਵੱਲੋਂ ਲਿਖੇ ਪੱਤਰ ਦੀ ਕਾਪੀ ਵੀ ਭੇਜੀ ਗਈ ਹੈ, ਜਿਸ ਵਿੱਚ 50 ਏਕੜ ਤੋਂ ਵੱਧ ਪੰਚਾਇਤੀ ਜ਼ਮੀਨਾਂ ਵਾਲੇ ਪਿੰਡਾਂ ਦੀ ਸੂਚੀ ਵੀ ਨੱਥੀ ਕੀਤੀ ਗਈ ਹੈ। ਇਸ ਸੂਚੀ ਵਿੱਚ ਹੁਸ਼ਿਆਰਪੁਰ ਅਤੇ ਭੂੰਗਾ ਬਲਾਕ ਦੇ ਪਿੰਡਾਂ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਬਲਾਕਾਂ ਦੇ ਪਿੰਡ ਵੀ ਸ਼ਾਮਲ ਹਨ। ਪੰਜਾਬ ਐਗਰੋ ਨੇ ਨਵੰਬਰ ਤੱਕ ਜ਼ਮੀਨ ਮੁਹੱਈਆ ਕਰਾਉਣ ਲਈ ਲਿਖਿਆ ਹੈ। ਇਸੇ ਤਰ੍ਹਾਂ ਪੈਟਰੋਲ ਪੰਪਾਂ, ਸੀ ਐੱਨ ਜੀ ਅਤੇ ਈ ਵੀ ਚਾਰਜਿੰਗ ਸਟੇਸ਼ਨਾਂ ਲਈ ਬਠਿੰਡਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਪੱਤਰ ਲਿਖਿਆ ਗਿਆ ਹੈ। ਸਹਾਇਕ ਡਾਇਰੈਕਟਰ (ਆਰ ਡੀ) ਨੇ ਇਸ ਸਬੰਧੀ ਵੀ 7 ਨਵੰਬਰ ਤੱਕ ਰਿਪੋਰਟ ਮੰਗੀ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਐਗਰੋ ਨੇ 1971 ਵਿੱਚ ਆਪਣਾ ਪਹਿਲਾ ਪੈਟਰੋਲ ਪੰਪ ਸਥਾਪਤ ਕੀਤਾ ਸੀ ਅਤੇ ਹੁਣ ਇਸ ਦੇ ਸੱਤ ਰਿਟੇਲ ਆਊਟਲੈੱਟ ਚੱਲ ਰਹੇ ਹਨ। ਸ਼ਹੀਦ ਭਗਤ ਸਿੰਘ ਨਗਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਵੀ ਨਵੇਂ ਪੰਪ ਸਥਾਪਤ ਕੀਤੇ ਜਾ ਰਹੇ ਹਨ। ਹੁਣ ਪੰਜਾਬ ਐਗਰੋ ਇਸ ਪ੍ਰਾਜੈਕਟ ਦਾ ਵਿਸਥਾਰ ਕਰ ਰਹੀ ਹੈ। ਇਸ ਤਹਿਤ ਮੁੱਖ ਸੜਕਾਂ ’ਤੇ ਆਉਂਦੀਆਂ ਪੰਚਾਇਤੀ ਜ਼ਮੀਨਾਂ ਨੂੰ ਲੀਜ਼ ’ਤੇ ਲੈ ਕੇ ਉੱਥੇ ਨਵੇਂ ਪੈਟਰੋਲ ਪੰਪ ਲਾਉਣ ਦੀ ਤਿਆਰੀ ਹੈ।
