‘ਪੀ ਐੱਸ ਈ ਬੀ’ ਵੱਲੋਂ ਵਿਦਿਆਰਥੀਆਂ ਨੂੰ ਵੇਰਵੇ ਦਰੁਸਤ ਕਰਨ ਦਾ ਮੌਕਾ
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਫਾਰਮ ਵਿੱਚ ਵਿਦਿਆਰਥੀ ਦਾ ਨਾਂ, ਮਾਤਾ/ਪਿਤਾ ਦਾ ਨਾਂ, ਜਨਮ ਤਰੀਕ, ਰਜਿਸਟਰੇਸ਼ਨ ਨੰਬਰ, ਫ਼ੋਟੋ, ਹਸਤਾਖ਼ਰ, ਵਿਸ਼ੇ ਤੇ ਸਟਰੀਮ ਆਦਿ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਜੇਕਰ ਕਿਸੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਇਨ੍ਹਾਂ ਵੇਰਵਿਆਂ ਵਿੱਚ ਕੋਈ ਗ਼ਲਤੀ ਰਹਿ ਗਈ ਹੈ ਤਾਂ ਅਜਿਹੀਆਂ ਗ਼ਲਤੀਆਂ ਨੂੰ ਦੂਰ ਕੀਤਾ ਜਾ ਸਕੇਗਾ।
ਇਨ੍ਹਾਂ ਵੇਰਵਿਆਂ ਅਨੁਸਾਰ ਨਾਂ, ਮਾਤਾ/ਪਿਤਾ ਦਾ ਨਾਂ, ਆਧਾਰ ਨੰਬਰ, ਮਾਧਿਅਮ ਆਦਿ ਵਿੱਚ ਸੋਧ ਕਰਨੀ ਹੈ ਤਾਂ 20 ਸਤੰਬਰ ਤੋਂ 30 ਸਤੰਬਰ ਤੱਕ ਸਕੂਲ ਪੱਧਰ ’ਤੇ ਹੀ ਬਿਨਾਂ ਫ਼ੀਸ ਤੋਂ ਸੋਧ ਵਾਲਾ ਫਾਰਮ ਹਾਸਲ ਕਰ ਕੇ ਗਲਤੀ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਅਕਤੂਬਰ ਤੋਂ 15 ਅਕਤੂਬਰ ਤੱਕ 200 ਰੁਪਏ ਪ੍ਰਤੀ ਸੋਧ ਫ਼ੀਸ ਨਾਲ ਸੋਧ ਫਾਰਮ ਅਤੇ ਲੋੜੀਂਦਾ ਰਿਕਾਰਡ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੇਵਲ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿੱਚ ਸੋਧਾਂ ਕਰਵਾਈਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰਜਿਸਟਰੇਸ਼ਨ ਨੰਬਰ, ਜਨਮ ਤਰੀਕ, ਫ਼ੋਟੋ, ਹਸਤਾਖ਼ਰ, ਵਿਸ਼ੇ ਅਤੇ ਸਟਰੀਮ ਦੀ ਸੋਧ ਲਈ 20 ਸਤੰਬਰ ਤੋਂ 15 ਅਕਤੂਬਰ ਤੱਕ ਸੋਧ ਫਾਰਮ ਸਮੇਤ ਲੋੜੀਂਦੇ ਦਸਤਾਵੇਜ਼ ਅਤੇ ਇੱਕ ਹਜ਼ਾਰ ਰੁਪਏ ਪ੍ਰਤੀ ਸੋਧ ਫ਼ੀਸ ਨਾਲ ਕੇਵਲ ਮੁੱਖ ਦਫ਼ਤਰ ਵਿੱਚ ਸਬੰਧਿਤ ਸ਼ਾਖਾ ਵਿੱਚ ਪਹੁੰਚ ਕਰ ਕੇ ਸੋਧ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਉਪਲਬਧ ਹੈ।