ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਤੋਂ ਪਹਿਲਾਂ ਧਰਨੇ ਸ਼ੁਰੂ
ਕੌਮਾਂਤਰੀ ਹਵਾਈ ਅੱਡੇ ਹਲਵਾਰਾ ਦੇ ਗੇਟ ਸਾਹਮਣੇ ਰੋਸ ਪ੍ਰਗਟ ਕਰਨ ਪਹੁੰਚੇ ਪਿੰਡ ਐਤੀਆਣਾ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਦੋਸ਼ ਲਾਇਆ ਕਿ ਅਫ਼ਸਰਸ਼ਾਹੀ ਨੇ ਹਵਾਈ ਅੱਡੇ ਲਈ 161 ਏਕੜ ਜ਼ਮੀਨ ਦੇਣ ਵਾਲੇ ਐਤੀਆਣਾ ਦੇ ਕਿਸਾਨਾਂ ਨੂੰ ਭਿਖਾਰੀ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਲਾਡਾ ਅਧਿਕਾਰੀਆਂ ਤੋਂ ਖੇਤੀ ਟਿਊਬਵੈੱਲਾਂ ਦਾ ਮੁਆਵਜ਼ਾ ਹਾਸਲ ਕਰਨ ਲਈ ਪੰਜ ਸਾਲ ਦਫ਼ਤਰਾਂ ਦੀ ਖ਼ਾਕ ਛਾਣਦੇ ਰਹੇ ਅਤੇ ਹੁਣ ਪਾਵਰਕੌਮ ਦੇ ਅਧਿਕਾਰੀ ਕਿਸਾਨਾਂ ਦੀ ਮੰਗ ਅਨੁਸਾਰ ਖੇਤੀ ਟਿਊਬਵੈੱਲ ਤਬਦੀਲ ਕਰਨ ਤੋਂ ਇਨਕਾਰੀ ਹਨ। ਵੱਖ-ਵੱਖ ਰਾਜਨੀਤਿਕ ਆਗੂਆਂ, ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਹਾਲੇ ਤੱਕ ਕੋਈ ਜਹਾਜ਼ ਤਾਂ ਨਹੀਂ ਉੱਡਿਆ ਪਰ ਹਵਾਈ ਅੱਡੇ ਦੇ ਮੁੱਖ ਪ੍ਰਵੇਸ਼ ਦੁਆਰ ਅੱਗੇ ਧਰਨੇ ਲੱਗਣੇ ਸ਼ੁਰੂ ਹੋ ਗਏ ਹਨ।
ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਹਿਲਾਂ ਗਲਾਡਾ ਅਧਿਕਾਰੀਆਂ ਨੇ ਕਈ ਪੀੜਤ ਕਿਸਾਨਾਂ ਦੇ ਖੇਤੀ ਟਿਊਬਵੈੱਲ ਹੀ ਗ਼ਾਇਬ ਕਰ ਦਿੱਤੇ ਸਨ, ਜਿਨ੍ਹਾਂ ਨੂੰ ਲੱਭ ਕੇ ਮੁਆਵਜ਼ਾ ਹਾਸਲ ਕਰਨ ਲਈ ਪੰਜ ਸਾਲ ਤੋਂ ਵਧੇਰੇ ਸਮਾਂ ਲੱਗ ਗਿਆ। ਕਿਸਾਨ ਮਹਿੰਦਰ ਸਿੰਘ ਨੂੰ ਪੰਜ ਸਾਲ ਬਾਅਦ 9 ਮਈ ਨੂੰ ਟਿਊਬਵੈੱਲ ਦਾ ਮੁਆਵਜ਼ਾ ਮਿਲਿਆ ਪਰ ਉਸ ਦੀ ਖੱਜਲ-ਖ਼ੁਆਰੀ ਹਾਲੇ ਵੀ ਮੁੱਕੀ ਨਹੀਂ। ਕਲਕੱਤਾ ਦੇ ਉੱਘੇ ਟਰਾਂਸਪੋਰਟ ਕਾਰੋਬਾਰੀ ਸੋਹਣ ਸਿੰਘ ਸਮੇਤ ਮਹਿੰਦਰ ਸਿੰਘ ਪੁੱਤਰ ਤਾਰਾ ਸਿੰਘ, ਲਾਲ ਸਿੰਘ ਅਤੇ ਬਚਨ ਸਿੰਘ ਦੇ ਟਿਊਬਵੈੱਲ ਕੁਨੈਕਸ਼ਨ ਨੂੰ ਤਬਦੀਲ ਕਰਨ ਦੇ ਮਾਮਲੇ ਵਿੱਚ ਹੁਣ ਪਾਵਰਕੌਮ ਅਧਿਕਾਰੀਆਂ ਨੇ ‘ਪਾਵਰ’ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਐਤੀਆਣਾ ਦੇ ਕਿਸਾਨਾਂ ਨੇ ਕਿਹਾ ਕਿ ਉਹ 16 ਨਵੰਬਰ ਨੂੰ ਪਿੰਡ ਸਰਾਭਾ ਵਿੱਚ ਮੁੱਖ ਮੰਤਰੀ ਕੋਲ ਫ਼ਰਿਆਦ ਕਰਨਗੇ। ਪਾਵਰਕੌਮ ਸੁਧਾਰ ਦੇ ਐੱਸ ਡੀ ਓ ਜਸਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਕੇਸ ਬਣਾ ਕੇ ਭੇਜ ਦਿੱਤਾ ਗਿਆ ਹੈ ਪਰ ਦੇਰ ਕਾਰਨ ਇਸ ਦੀ ਮਨਜ਼ੂਰੀ ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਲੈਣ ਲਈ ਚਾਰਾਜੋਈ ਜਾਰੀ ਹੈ।
