ਤਰਨ ਤਾਰਨ ’ਚ ਥਾਂ-ਥਾਂ ਰੋਸ ਪ੍ਰਦਰਸ਼ਨ; ਸੜਕਾਂ ਜਾਮ
ਗੁਰਬਖਸ਼ਪੁਰੀ
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਆਪਣੀਆਂ ਮੰਗਾਂ ਵੱਲ ਸੂਬਾ ਸਰਕਾਰ ਦਾ ਧਿਆਨ ਦਿਵਾਉਣ ਲਈ ਅੱਜ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਸੂਬੇ ਭਰ ਤੋਂ ਅਧਿਆਪਕਾਂ ਦੀਆਂ 12 ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਤਰਨ ਤਾਰਨ ਦੀਆਂ ਸੜਕਾਂ ’ਤੇ ਜਾਮ ਲਾਇਆ। ਇਸ ਕਾਰਨ ਸ਼ਹਿਰ ਵਿੱਚ ਆਵਾਜਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਕਈ ਘੰਟੇ ਖੁਆਰ ਹੋਣਾ ਪਿਆ।
ਆਮ ਆਦਮੀ ਸਾਂਝਾ ਫਰੰਟ ਵੱਲੋਂ ਇੱਥੇ ਚੌਕ ਬੋਹੜੀ ਵਿੱਚ ਧਰਨਾ ਦਿੱਤਾ ਗਿਆ। ਇਸ ਕਾਰਨ ਸ਼ਹਿਰ ਦੇ ਚਾਰ-ਚੁਫੇਰੇ ਦੀਆਂ ਸੜਕਾਂ ’ਤੇ ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ| ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਲਗਾਈ ਟਰੈਫਿਕ ਪੁਲੀਸ ਆਵਾਜਾਈ ਬਹਾਲ ਕਰਨ ਵਿੱਚ ਲੱਗੀ ਰਹੀ ਪਰ ਕਾਮਯਾਬੀ ਨਾ ਮਿਲੀ। ਜਾਮ ਕਾਰਨ ਬੋਹੜੀ ਚੌਕ ਨੇੜੇ ਬੱਸਾਂ ਵੀ ਜਾਮ ਵਿੱਚ ਫਸ ਗਈਆਂ ਜਿਸ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਝੰਡੇ ਹੇਠ ਕਲੀਨਿਕਾਂ ਦੇ ਫਾਰਮੇਸੀ ਅਧਿਕਾਰੀਆਂ ਅਤੇ ਕਲੀਨਿਕ ਸਹਾਇਕਾਂ ਨੇ ਉਨ੍ਹਾਂ ਨੂੰ ਦਿੱਤੇ ਆਰਜ਼ੀ ਨਿਯੁਕਤੀ ਪੱਤਰਾਂ ਦੀ ਥਾਂ ਪੱਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਲਈ ਧਰਨਾ ਦਿੱਤਾ ਸੀ| ਇਸ ਦੇ ਨਾਲ ਹੀ ਸਿੱਖਿਆ ਵਿਭਾਗ ਅੰਦਰ ਸੇਵਾ ਨਿਭਾਅ ਚੁੱਕੇ ਈ ਜੀ ਐੱਸ/ਏ ਆਈ ਆਰ/ ਐੱਸ ਟੀ ਆਰ/ ਸਿੱਖਿਆ ਪ੍ਰੋਵਾਈਡਰ ਆਦਿ ਦੀ ਮੁੜ ਬਹਾਲੀ ਲਈ ਕੱਚੇ ਅਧਿਆਪਕ ਯੂਨੀਅਨ ਨੇ ਵੀ ਸ਼ਹਿਰ ਅੰਦਰ ਮਾਰਚ ਕੀਤਾ| ਇਸ ਤੋਂ ਇਲਾਵਾ ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ, ਕੰਪਿਊਟਰ ਅਧਿਆਪਕ ਯੂਨੀਅਨ, ਮਾਸਟਰ ਕਾਡਰ ਯੂਨੀਅਨ, ਸਪੈਸ਼ਲ ਕਾਡਰ ਅਧਿਆਪਕ ਫਰੰਟ ਆਦਿ ਜਥੇਬੰਦੀਆਂ ਨੇ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਦਿਹਾੜੀਦਾਰ ਬਣਾ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤਕ ਆਪਣਾ ਧਰਨਾ ਜਾਰੀ ਰੱਖਣਗੇ| ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਬੱਬੂ ਨੇ ਪ੍ਰਦਰਸ਼ਨਾਂ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਜਿਸ ਕਾਰਨ ਅੱਜ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
