ਆਸ਼ਾ ਅਤੇ ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਰੋਸ ਮਾਰਚ
ਹਤਿੰਦਰ ਮਹਿਤਾ
ਜਲੰਧਰ, 5 ਜੂਨ
ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਸੂਬਾ ਸਰਕਾਰ ਨੂੰ ਚੋਣਾਂ ਵਾਲੇ ਕੀਤੇ ਵਾਅਦੇ ਯਾਦ ਕਰਵਾਉਣ ਲਈ ਅੱਜ ਆਸ਼ਾ ਤੇ ਮਿੱਡ-ਡੇਅ ਮੀਲ ਵਰਕਰਾਂ ਨੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਦਫ਼ਤਰ ਨੇੜੇ ਦਸਹਿਰਾ ਪਾਰਕ ਵਿੱਚ ਰੈਲੀ ਕਰ ਕੇ ਉਨ੍ਹਾਂ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ। ਰੈਲੀ ਨੂੰ ਮੋਰਚੇ ਦੇ ਸੂਬਾਈ ਆਗੂ ਮਨਦੀਪ ਕੌਰ ਬਿਲਗਾ, ਕੁਲਵਿੰਦਰ ਕੌਰ ਅਮਾਨਤਪੁਰ ਤੇ ਗੁਰਜੀਤ ਕੌਰ ਸ਼ਾਹਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਸ਼ਾ ਤੇ ਮਿੱਡ-ਡੇਅ ਮੀਲ ਵਰਕਰਾਂ ਦੇ ਭੱਤੇ ਦੁੱਗਣੇ ਕਰਨ ਦੇ ਵਾਅਦੇ ਤੋਂ ਮੁੱਕਰ ਗਈ ਹੈ। ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮਾਣਭੱਤਾ ਵਰਕਰਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਵਿੱਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਗਿਆ।
ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ, ਜਨਰਲ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ ਅਤੇ ਜਸਵੀਰ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਾਣਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਅਨੁਸਾਰ ਤਨਖ਼ਾਹਾਂ ਨਾ ਦੇਣ ਅਤੇ ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਨਾ ਕਰਨ ਕਰਕੇ ਮਾਣਭੱਤਾ ਵਰਕਰਾਂ ਦਾ ਸਬਰ ਟੁੱਟ ਗਿਆ ਹੈ, ਜਿਸ ਕਾਰਨ ਉਨ੍ਹਾਂ ’ਚ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਲੁਧਿਆਣਾ ਜ਼ਿਮਨੀ ਚੋਣ ਮੌਕੇ ਲੁਧਿਆਣਾ ਵਿੱਚ ਵੀ ਧਰਨਾ ਦੇਣਗੇ। ਇਸ ਰੈਲੀ ਨੂੰ ਡੈਮੋਕਰੈਟਿਕ ਆਸ਼ਾ ਵਰਕਰਾਂ ਦੀ ਆਗੂ ਅੰਮ੍ਰਿਤਪਾਲ ਕੌਰ ਨੁੱਸੀ, ਬਲਵਿੰਦਰ ਕੌਰ ਟਿੱਬਾ, ਰਾਜਿੰਦਰਪਾਲ ਕੌਰ ਫਗਵਾੜਾ, ਆਂਚਲ ਹਰੀਪੁਰ, ਸੀਤਾ ਬੁਲੰਦਪੁਰ, ਸਰਬਜੀਤ ਕੌਰ ਪਾਸਲਾ, ਸੁਖਨਿੰਦਰ ਕੌਰ ਬੜਾ ਪਿੰਡ, ਜੋਤੀ ਆਦਮਪੁਰ, ਜਸਵੀਰ ਕੌਰ ਸ਼ਾਹਕੋਟ, ਰਾਜ ਰਾਣੀ ਜਮਸ਼ੇਰ, ਆਸ਼ਾ ਗੁਪਤਾ, ਸਤਿੰਦਰ ਕੌਰ ਬਿਲਗਾ ਅਤੇ ਮਿੱਡ-ਡੇਅ ਮੀਲ ਵਰਕਰਾਂ ਦੀ ਆਗੂ ਸੀਮਾ ਸਈਪੁਰ ਨੇ ਸੰਬੋਧਨ ਕੀਤਾ।