ਹਮਲਾਵਰਾਂ ਦੀ ਗ੍ਰਿਫਤਾਰੀ ਲਈ ਥਾਣੇ ਅੱਗੇ ਧਰਨਾ
ਮੇਜਰ ਸਿੰਘ ਮੱਟਰਾਂ
ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪਿੰਡ ਭੜੋ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਪ੍ਰਕਾਸ਼ ਕੌਰ ਦੇ ਪੁੱਤਰ ਵਿਕਰਮਜੀਤ ਸਿੰਘ ਵਿੱਕੀ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਥਾਣੇ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਲਾਹਕਾਰ ਕਰਨੈਲ ਸਿੰਘ ਨੀਲੋਂ ਤੇ ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਬਾਲੀ ਨੇ ਕਿਹਾ ਕਿ ਪਿੰਡ ਭੜੋ ਵਿਚ ਚੱਲ ਰਹੇ ਪੰਚਾਇਤੀ ਕੰਮਾਂ ਵਿੱਚ ਪਿੰਡ ਦੇ ਰਣਜੀਤ ਸਿੰਘ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕਣ ਸਮੇਂ ਤਕਰਾਰ ਹੋਈ। ਇਸ ਉਪਰੰਤ ਰਣਜੀਤ ਸਿੰਘ ਨੇ ਆਪਣੇ ਹਮਾਇਤੀਆਂ ਨਾਲ ਮਿਲ ਕੇ ਵਿਕਰਮਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਉਤੇ ਐੱਸਸੀ ਐਕਟ ਤਹਿਤ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਢਾਈ ਮਹੀਨੇ ਬੀਤਣ ਦੇ ਬਾਵਜੂਦ ਹਮਲਾਵਰਾਂ ਨੂੰ ਕਾਬੂ ਨਹੀਂ ਕੀਤਾ ਗਿਆ, ਉਲਟਾ ਪੀੜਤ ਧਿਰ ਖਿਲਾਫ ਵੀ ਝੂਠਾ ਪਰਚਾ ਦਰਜ ਕਰਵਾਇਆ ਗਿਆ। ਇਸ ਮੌਕੇ ਜਗਸੀਰ ਸਿੰਘ, ਕੁਲਵੰਤ ਸਿੰਘ ਹਿਆਣਾ, ਚੰਦ ਸਿੰਘ ਰਾਮਪੁਰਾ, ਕੈਪਟਨ ਸਿੰਕਦਰ ਸਿੰਘ ਫੱਗੂਵਾਲਾ, ਧਰਮਪਾਲ ਸਿੰਘ ਭਵਾਨੀਗੜ੍ਹ, ਗੁਰਮੀਤ ਸਿੰਘ ਕਾਲਾਝਾੜ ਨੇ ਵੀ ਸੰਬੋਧਨ ਕੀਤਾ।
ਅਖੀਰ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਅਤੇ ਥਾਣਾ ਮੁਖੀ ਇੰਸਪੈਕਟਰ ਅਵਤਾਰ ਸਿੰਘ ਦਰਮਿਆਨ ਮੀਟਿੰਗ ਹੋਈ, ਜਿਸ ਵਿੱਚ ਹਮਲਾਵਰਾਂ ਨੂੰ 17 ਅਗਸਤ ਤੱਕ ਗ੍ਰਿਫਤਾਰ ਕਰਨ ਅਤੇ ਪੀੜਤ ਧਿਰ ’ਤੇ ਦਰਜ ਹੋਏ ਮਾਮਲੇ ਨੂੰ ਪੜਤਾਲ ਕਰਕੇ ਰੱਦ ਕਰਨ ਦੇ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।