ਇਨਸਾਫ਼ ਦੀ ਮੰਗ ਲਈ ਬੁੜੈਲ ਚੌਕੀ ਅੱਗੇ ਧਰਨਾ
ਇੱਥੋਂ ਦੇ ਸੈਕਟਰ-46 ਸਥਿਤ ਚੌਕ ਵਿੱਚ ਲੰਘੇ ਦਿਨ ਥਾਰ ਦੀ ਫੇਟ ਵੱਜਣ ਕਰਕੇ ਇਕ ਮੁਟਿਆਰ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੀ ਦੀ ਹਾਲਤ ਗੰਭੀਰ ਬਣੀ ਬੋਈ ਹੈ। ਜ਼ਖ਼ਮੀ ਦਾ ਸੈਕਟਰ-32 ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਪੁਲੀਸ ਦੀ ਕਾਰਵਾਈ ਤੋਂ ਨਾਖੁਸ਼ ਦਿਖਾਈ ਦੇ ਰਿਹਾ ਹੈ। ਪਰਿਵਾਰ ਨੇ ਪੁਲੀਸ ’ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਿਤਾ ਸਾਵੇਦ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹਰ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਦੇ ਬਾਵਜੂਦ ਪੁਲੀਸ ਥਾਰ ਦੀ ਭਾਲ ਨਹੀਂ ਕਰ ਪਾ ਰਹੀ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਬੁੜੈਲ ਚੌਕੀ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ।
ਪਰਿਵਾਰ ਦੇ ਪ੍ਰਦਰਸ਼ਨ ਤੋਂ ਬਾਅਦ ਪੁਲੀਸ ਪੁਲੀਸ ਨੇ ਕਾਰਵਾਈ ਕਰਦਿਆਂ ਥਾਰ ਨੂੰ ਇੰਡਸਟਰੀਅਲ ਏਰੀਆ ਫੇਜ਼-1 ਵਿੱਚੋਂ ਬਰਾਮਦ ਕਰ ਲਿਆ ਹੈ। ਥਾਰ ਚਾਲਕ ਘਟਨਾ ਤੋਂ ਬਾਅਦ ਬੀਤੇ ਦਿਨ ਹੀ ਥਾਰ ਨੂੰ ਇੰਡਸਟਰੀਅਲ ਏਰੀਆ ਵਿੱਚ ਖੜੀ ਕਰਕੇ ਫਰਾਰ ਹੋ ਗਿਆ ਹੈ। ਥਾਣਾ ਸੈਕਟਰ-34 ਦੀ ਪੁਲੀਸ ਵੱਲੋਂ ਮਾਮਲੇ ਵਿੱਚ ਥਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਮੁਤਾਬਕ ਸੈਕਟਰ-32 ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਉਸ ਦੀ ਧੀ ਨੂੰ ਛੁੱਟੀ ਦਿੱਤੀ ਜਾ ਰਹੀ ਹੈ, ਜਦੋਂ ਕਿ ਉਸ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਵੀ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਤਿੰਨ ਵਜੇ ਦੇ ਕਰੀਬ ਥਾਰ ਚਾਲਕ ਦੋ ਮੁਟਿਆਰਾਂ ਨੂੰ ਫੇਟ ਮਾਰ ਕੇ ਫਰਾਰ ਹੋ ਗਏ ਸੀ। ਇਸ ਦੌਰਾਨ ਇੱਕ ਲੜਕੀ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੀ ਜ਼ਖ਼ਮੀ ਹੋ ਗਈ ਹੈ।