ਹਵਾਰਾ ਨੂੰ ਪੈਰੋਲ ਨਾ ਦੇਣ ’ਤੇ ਰੋਸ ਪ੍ਰਗਟਾਇਆ
ਸ਼੍ੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ੍ਰੀ ਚਮਕੌਰ ਸਾਹਿਬ ਮੋਰਚੇ ਦੀ ਟੀਮ ਵੱਲੋਂ ਲੰਮੇ ਸਮੇਂ ਤੋਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਨਰਿੰਦਰ ਕੌਰ ਨਾਲ ਮਿਲਣ ਲਈ ਪੈਰੋਲ ਨਾ ਦੇਣ ’ਤੇ ਅੱਜ ਰੋਸ ਮਾਰਚ ਕੀਤਾ ਗਿਆ। ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਅਤੇ ਮੋਰਚੇ ਦੀ ਟੀਮ ਦੇ ਆਗੂ ਲਖਬੀਰ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਰਿੰਦਰ ਕੌਰ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਹਨ, ਜਿਸ ਕਾਰਨ ਨਾ ਉਹ ਕੁਝ ਖਾ-ਪੀ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ ਹਨ ਅਤੇ ਦਿਨੋਂ-ਦਿਨ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆਉਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਤਾ ਨਰਿੰਦਰ ਕੌਰ ਆਪਣੇ ਪੁੱਤਰ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦੀ ਇੱਛਾ ਲੈ ਕੇ ਅਮਰੀਕਾ ਤੋਂ ਪਿੰਡ ਹਵਾਰਾ ਵਿੱਚ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਸਬੰਧੀ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਅੱਜ ਦਸਹਿਰੇ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਚੌਕ ਵਿੱਚ ਸ਼ਾਂਤਮਈ ਤਰੀਕੇ ਨਾਲ ਤੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਹਰਜੀਤ ਸਿੰਘ ਚਤਾਮਲਾ, ਪਰਮਿੰਦਰ ਸਿੰਘ ਕੋਟਲੀ, ਹਰਜੀਤ ਸਿੰਘ, ਰਘਬੀਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਬਲਵਿੰਦਰ ਸਿੰਘ, ਬੀਬੀ ਤੇਜ ਕੌਰ ਗਧਰਾਮ, ਅਮਰਜੀਤ ਸਿੰਘ ਢਿੱਲੋਂ ਅਤੇ ਤੇਜਪਾਲ ਸਿੰਘ ਸਿੱਧੂ ਹਾਜ਼ਰ ਸਨ।