ਲੜਕੀਆਂ ਦੇ ਸਰਕਾਰੀ ਕਾਲਜ ਦੀ ਇਮਾਰਤ ਖਾਲੀ ਕਰਵਾਉਣ ਲਈ ਸੰਘਰਸ਼ ਦਾ ਐਲਾਨ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਲਾਲਾਬਾਦ ਸਰਕਾਰੀ ਲੜਕੀਆਂ ਦੇ ਕਾਲਜ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਲੜਕੀਆਂ ਦੇ ਸੂਬਾ ਕੋ-ਕਨਵੀਨਰ ਸੰਜਨਾ ਢਾਬਾਂ ਨੇ ਕਿਹਾ ਕਿ ਸਰਕਾਰੀ ਕਾਲਜ (ਲੜਕੀਆਂ) ਦੀ ਜਗ੍ਹਾ ਅਤੇ ਬਿਲਡਿੰਗ 'ਤੇ ਕਰਵਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਛਡਵਾਉਣ ਲਈ ਮੰਗ ਪੱਤਰ ਐਸਡੀਐਮ ਜਲਾਲਾਬਾਦ ਨੂੰ ਦਿੱਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਕਾਲਜ ਦੀ ਬਿਲਡਿੰਗ ਨੂੰ ਖਾਲੀ ਕਰਵਾਉਣ ਲਈ ਅਜੇ ਤੱਕ ਕੋਈ ਵੀ ਕਦਮ ਨਹੀਂ ਪੁੱਟਿਆ ਜਾ ਰਿਹਾ। ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਲੜਕੀਆਂ ਲਈ ਬਣੇ ਇੱਕੋ ਇੱਕ ਸਰਕਾਰੀ ਕਾਲਜ ਜਲਾਲਾਬਾਦ ( ਲੜਕੀਆਂ) ਦੀ ਜਗ੍ਹਾ ’ਤੇ ਪਿਛਲੇ ਸਮੇਂ ਤੋਂ ਲਗਾਤਾਰ ਨਾਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ ਜਿਸ ਨਾਲ ਕਾਲਜ ਦੀ ਬਿਲਡਿੰਗ 'ਚ ਹੋਰ ਵਿਭਾਗ ਕੰਮ ਕਰ ਰਹੇ ਹਨ। ਸਰਕਾਰੀ ਕਾਲਜ ਦੇ ਕਮਰਿਆਂ ਅਤੇ ਬਾਕੀ ਬਿਲਡਿੰਗ ’ਤੇ ਹੋ ਰਹੇ ਕਬਜ਼ਿਆਂ ਕਾਰਨ ਇੱਥੇ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥੀ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਲਜ ਦੇ ਅੰਦਰੋਂ ਇੱਕ ਰਸਤਾ ਕੱਢਣ ਲਈ ਵੀ ਪੱਤਰ ਜਾਰੀ ਕੀਤਾ ਗਿਆ ਹੈ, ਜੋ ਗਲਤ ਹੈ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਇਸ ਕਾਲਜ ਵਿੱਚ ਆਰਜ਼ੀ ਤੌਰ ’ਤੇ ਚੱਲ ਰਹੇ ਵਿਭਾਗਾਂ ਨੂੰ ਉਨ੍ਹਾਂ ਦੀ ਬਣਦੀ ਯੋਗ ਜਗ੍ਹਾ ’ਤੇ ਤਬਦੀਲ ਕਰਕੇ ਉੱਥੇ ਚਲਾਇਆ ਜਾਵੇ, ਤਾਂ ਕਿ ਵਿਦਿਆਰਥਣਾਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਅਤੇ ਆਮ ਲੋਕ ਵੀ ਖੱਜਲ ਖੁਆਰ ਨਾ ਹੋਣ। ਸਰਕਾਰੀ ਕਾਲਜ ਦੀ ਬਿਲਡਿੰਗ ਨੂੰ ਕਿਸੇ ਹੋਰ ਕੰਮ ਲਈ ਨਾ ਵਰਤਿਆ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਬਿਲਡਿੰਗ ਨੂੰ ਖਾਲੀ ਨਹੀਂ ਕੀਤਾ ਜਾਂਦਾ ਤਾਂ ਵਿਦਿਆਰਥੀ ਜਥੇਬੰਦੀ ਏਆਈਐਸਐਫ ਵੱਲੋਂ ਬਹੁਤ ਜਲਦ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਵਿੱਚ ਇਕੱਲੇ ਜਲਾਲਾਬਾਦ ਕਾਲਜ ਦੀਆਂ ਲੜਕੀਆਂ ਵਿਦਿਆਰਥਣਾਂ ਹੀ ਨਹੀਂ ਸ਼ਾਮਿਲ ਹੋਣਗੀਆਂ, ਸਗੋਂ ਪੂਰੇ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਦੀਆਂ ਵਿਦਿਆਰਥੀ ਸੰਘਰਸ਼ ਚ ਸ਼ਾਮਿਲ ਹੋਣਗੇ।ਇਸ ਮੌਕੇ ਕਾਲਜ ਵਿੱਚ ਮੀਟਿੰਗ ਕਰਕੇ ਏ.ਆਈ.ਐਸ.ਐਫ ਲੜਕੀਆਂ ਦਾ ਨਵਾਂ ਯੂਨਿਟ ਸਥਾਪਿਤ ਕੀਤਾ ਗਿਆ। ਜਿਸ ਵਿੱਚ ਪੂਨਮ ਰਾਣੀ ਨੂੰ ਪ੍ਰਧਾਨ, ਅਮਨਜੀਤ ਕੌਰ ਸਕੱਤਰ, ਕ੍ਰਮਵਾਰ ਮੀਤ ਪ੍ਰਧਾਨ ਨੀਸ਼ਾ ਰਾਣੀ, ਨਵਜੀਤ ਕੌਰ, ਰਿੰਪਲ ਕੰਬੋਜ, ਮੀਤ ਸਕੱਤਰ ਨਿਰਮਲਾ ਰਾਣੀ,ਸਿਮਰਨ ਕੌਰ, ਮੋਨਕਾ ਰਾਣੀ, ਖਜ਼ਾਨਚੀ ਰੇਨੁਕਾ ਰਾਣੀ ਨੂੰ ਚੁਣਿਆ ਗਿਆ।