ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੀਟ ਪ੍ਰੀਖਿਆ ਵਿੱਚ ਧਾਂਦਲੀ ਖ਼ਿਲਾਫ਼ ਕਾਂਗਰਸ ਵੱਲੋਂ ਮੁਜ਼ਾਹਰਾ

ਰਾਜਾ ਵੜਿੰਗ ਸਣੇ ਕਈ ਕਾਂਗਰਸੀ ਆਗੂ ਹਿਰਾਸਤ ਵਿੱਚ ਲਏ; ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਚੰਡੀਗੜ੍ਹ ’ਚ ਪ੍ਰਦਰਸ਼ਨ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ। -ਫੋਟੋ: ਵਿੱਕੀ ਘਾਰੂ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 21 ਜੂਨ

Advertisement

ਪੰਜਾਬ ਕਾਂਗਰਸ ਨੇ ਅੱਜ ਇੱਥੇ ਨੀਟ ਪ੍ਰੀਖਿਆ ਵਿੱਚ ਧਾਂਦਲੀ ਦੇ ਮਾਮਲੇ ’ਤੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਕਾਂਗਰਸੀ ਆਗੂ ਅਤੇ ਵਰਕਰ ਜਦੋਂ ਭਾਜਪਾ ਦਫ਼ਤਰ ਵੱਲ ਵਧਣ ਲੱਗੇ ਤਾਂ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਪੁਲੀਸ ਨਾਲ ਕਾਫ਼ੀ ਧੱਕਾਮੁੱਕੀ ਵੀ ਹੋਈ। ਅਖੀਰ ਪੁਲੀਸ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।

ਚੰਡੀਗੜ੍ਹ ਪੁਲੀਸ ਸਾਰੇ ਆਗੂਆਂ ਨੂੰ ਥਾਣੇ ਲੈ ਗਈ ਜਿੱਥੋਂ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕਾਂਗਰਸ ਦੇ ਮਾਝੇ ਅਤੇ ਦੁਆਬੇ ਦੇ ਬਹੁਤੇ ਆਗੂ ਅੱਜ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਉਲਝੇ ਹੋਏ ਸਨ ਜਿਸ ਕਰਕੇ ਮਾਲਵਾ ਖ਼ਿੱਤੇ ਵਿੱਚੋਂ ਹੀ ਕਾਂਗਰਸੀ ਆਗੂ ਅਤੇ ਵਰਕਰ ਪੁੱਜੇ ਹੋਏ ਸਨ। ਕਾਂਗਰਸੀ ਆਗੂ ਅਤੇ ਵਰਕਰ ਪਹਿਲਾਂ ਇੱਥੇ ਕਾਂਗਰਸ ਭਵਨ ਵਿੱਚ ਇਕੱਠੇ ਹੋਏ। ਇੱਥੇ ਕਰੀਬ ਡੇਢ ਘੰਟਾ ਸਟੇਜ ਚੱਲੀ। ਜਦੋਂ ਕਾਂਗਰਸੀ ਆਗੂ ਭਾਜਪਾ ਦਫ਼ਤਰ ਵੱਲ ਰਵਾਨਾ ਹੋਣ ਲੱਗੇ ਤਾਂ ਪੁਲੀਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਰਾਜਾ ਵੜਿੰਗ ਨੇ ਨੀਟ ਪ੍ਰੀਖਿਆ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਿਆ ਸੰਸਥਾਵਾਂ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਹੈ। ਜਦੋਂ ਤੱਕ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿਚ 41 ਵਾਰ ਪੇਪਰ ਲੀਕ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸ੍ਰੀ ਵੜਿੰਗ ਨੇ ਕਿਹਾ ਕਿ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿਚ ਆ ਗਈ ਹੈ ਪਰ ਪੇਪਰਾਂ ਦੀ ਲੀਕੇਜ ਹਾਲੇ ਤੱਕ ਰੁਕੀ ਨਹੀਂ। ਅੱਜ ਕਾਂਗਰਸੀ ਵਰਕਰਾਂ ਨੇ ਪ੍ਰੀਖਿਆ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਧਰਮਵੀਰ ਗਾਂਧੀ, ਸਾਬਕਾ ਸਪੀਕਰ ਰਾਣਾ ਕੇਪੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਲੱਖਾ ਪਾਇਲ, ਮਦਨ ਲਾਲ ਜਲਾਲਪੁਰ, ਸੁਖਪਾਲ ਭੁੱਲਰ, ਸਿਮਰਜੀਤ ਸਿੰਘ ਬੈਂਸ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਸ਼ਾਮਲ ਸਨ।

Advertisement
Tags :
balbir singh sidhuCongressNeetNeet 2024Raja warring