ਪਰਵਾਸੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਵਿਰੋਧ
ਜੰਗ ਬਹਾਦਰ ਸਿੰਘ ਸੇਖੋਂ/ਜੋਗਿੰਦਰ ਕੁੱਲੇਵਾਲ
ਹੁਸ਼ਿਆਰਪੁਰ ਵਿੱਚ ਪਿਛਲੇ ਦਿਨੀਂ ਇੱਕ ਪਰਵਾਸੀ ਮਜ਼ਦੂਰ ਵੱਲੋਂ ਪੰਜ ਸਾਲਾ ਬੱਚੇ ਦੇ ਕਥਿਤ ਕਤਲ ਤੋਂ ਬਾਅਦ ਸੂਬੇ ਭਰ ਵਿੱਚ ਪਰਵਾਸੀ ਮਜ਼ਦੂਰਾਂ ਵਿਰੁੱਧ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਦਾ ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਹੇਠ ਐੱਸ ਡੀ ਐੱਮ ਗੜ੍ਹਸ਼ੰਕਰ ਨੂੰ ਮਿਲਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਮ੍ਰਿਤਕ ਬੱਚੇ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਐੱਸ ਡੀ ਐੱਮ ਤੋਂ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਆੜ ਹੇਠ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਚਲਾਈ ਜਾ ਰਹੀ ਫ਼ਿਰਕੂ ਮੁਹਿੰਤ ਤਹਿਤ ਕਿਰਤੀਆਂ ਨੂੰ ਡਰਾਉਣ, ਧਮਕਾਉਣ ਅਤੇ ਪੰਜਾਬ ਤੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੰਮ ਕਰਦੇ ਕਿਰਤੀਆਂ ਦੀ ਰਾਖੀ ਕੀਤੀ ਜਾਵੇ ਅਤੇ ਡਰ ਦਾ ਮਾਹੌਲ ਖ਼ਤਮ ਕੀਤਾ ਜਾਵੇ।
ਇਸ ਵਫ਼ਦ ’ਚ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ, ਹਰਮੇਸ਼ ਸਿੰਘ ਢੇਸੀ, ਕਲਭੂਸ਼ਣ ਮਹਿੰਦਵਾਣੀ, ਪ੍ਰੋ. ਕੁਲਵੰਤ ਸਿੰਘ ਗੋਲੇਵਾਲ, ਕੁਲਵਿੰਦਰ ਚਾਹਲ, ਪ੍ਰਿੰਸੀਪਲ ਡਾ. ਬਿੱਕਰ ਸਿੰਘ, ਮਾਸਟਰ ਮੁਕੇਸ਼ ਕੁਮਾਰ, ਬਲਵੀਰ ਸਿੰਘ ਚਾਹਲਪੁਰ, ਰਾਮਜੀਤ ਸਿੰਘ ਦੇਨੋਵਾਲ ਕਲਾਂ, ਹੰਸਰਾਜ ਗੜ੍ਹਸ਼ੰਕਰ, ਮਹਿੰਦਰ ਪ੍ਰੇਮ ਰਾਣਾ, ਨਿਰਮਲ ਸਿੰਘ, ਬਾਲਾ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ ਭਜਲ, ਗਿਆਨੀ ਅਵਤਾਰ ਸਿੰਘ, ਗੋਪਾਲ ਦਾਸ ਆਦਿ ਹਾਜ਼ਰ ਸਨ।