ਸਤਲੁਜ ਕੰਢੇ ਖਣਨ ਖ਼ਿਲਾਫ਼ ਪ੍ਰਦਰਸ਼ਨ
ਜਸਬੀਰ ਸਿੰਘ ਸ਼ੇਤਰਾ
ਸਤਲੁਜ ਨਾਲ ਲੱਗਦੇ ਬੇਟ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਨਾਜਾਇਜ਼ ਖਣਨ ਕਾਰਨ ਪਿੰਡਾਂ ਦੀ ਹੋਂਦ ਲਈ ਪੈਦਾ ਖ਼ਤਰੇ ਨੂੰ ਲੈ ਕੇ ਅੱਜ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਲੋਕ ਨਾਅਰੇਬਾਜ਼ੀ ਕਰਦੇ ਹੋਏ ਧਰਨੇ ’ਤੇ ਬੈਠ ਗਏ। ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਅਮਰੀਕ ਸਿੰਘ ਆਲੀਵਾਲ ਵੀ ਆਪਣੇ ਸਾਥੀਆਂ ਸਮੇਤ ਧਰਨੇ ’ਚ ਸ਼ਾਮਲ ਹੋਏ। ਇਸ ਮੌਕੇ ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ ਅਤੇ ਭੁਪਿੰਦਰ ਸਿੰਘ ਚਾਵਲਾ ਦੀ ਖਣਨ ਕਰਨ ਵਾਲਿਆਂ ਨਾਲ ਬਹਿਸ ਵੀ ਹੋਈ। ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਖਣਨ ਦਾ ਕੰਮ ਰੋਕਣ ਦਾ ਫ਼ੈਸਲਾ ਕੀਤਾ ਹੈ। ਨਾਜਾਇਜ਼ ਖਣਨ ਬੰਦ ਕਰਵਾਉਣ ਲਈ ਬਜ਼ਿੱਦ ਲੋਕਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਇਲਾਕੇ ਦੀ ਬਰਬਾਦੀ ਬਰਦਾਸ਼ਤ ਨਹੀਂ ਕਰਨਗੇ।
ਮਾਮਲਾ ਭਖਦਾ ਦੇਖ ਕੇ ਮੌਕੇ ਤੋਂ ਰੇਤ ਕੱਢਣ ਵਾਲੀ ਮਸ਼ੀਨਰੀ ਹਟਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਹੜ੍ਹਾਂ ਦੇ ਨੁਕਸਾਨ ਤੋਂ ਉੱਭਰ ਨਹੀਂ ਸਕੇ ਅਤੇ ਸਰਕਾਰ ਮਦਦ ਕਰਨ ਦੀ ਥਾਂ ਨਵੇਂ ਖਤਰੇ ਪੈਦਾ ਕਰ ਰਹੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਮਾਈਨਿੰਗ ਕਾਰਨ ਵਲੀਪੁਰ, ਮਾਣੀਆਵਾਲ, ਬਾਣੀਏਵਾਲ, ਘਮਣੇਵਾਲ, ਤਲਵੰਡੀ ਨੌ ਆਬਾਦ, ਰਾਮਪੁਰਾ, ਕੋਟਉਮਰਾ, ਭੂੰਦੜੀ ਅਤੇ ਹੋਰ ਕਈ ਪਿੰਡ ਪ੍ਰਭਾਵਿਤ ਹੋਣਗੇ। ਕਿਸਾਨ ਆਗੂ ਕੋਟਉਮਰਾ ਨੇ ਦੋਸ਼ ਲਾਇਆ ਕਿ ਮਾਈਨਿੰਗ ਲਈ ਪਾਣੀ ਦਾ ਵਹਾਅ ਗਲਤ ਢੰਗ ਨਾਲ ਮੋੜਿਆ ਜਾ ਰਿਹਾ ਹੈ। ਧਰਨੇ ਦੇ ਦਬਾਅ ਸਦਕਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਗਲੇ ਹੁਕਮਾਂ ਤੱਕ ਮਾਈਨਿੰਗ ਰੋਕਣ ਦਾ ਫੈਸਲਾ ਕੀਤਾ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਮਾਈਨਿੰਗ ਨਹੀਂ ਹੋਵੇਗੀ।
