ਬਿਆਸ ’ਚ ਗੰਦਾ ਪਾਣੀ ਸੁੱਟਣ ਖ਼ਿਲਾਫ਼ ਧਰਨਾ
ਇਥੇ ਧਾਰਮਿਕ ਡੇਰੇ ਵੱਲੋਂ ਸੀਵਰੇਜ ਦਾ ਪਾਣੀ ਬਿਆਸ ਦਰਿਆ ਵਿੱਚ ਸੁੱਟਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਨੇ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਢਿੱਲਵਾਂ ਟੌਲ ਪਲਾਜ਼ਾ ਕੋਲ ਧਰਨਾ ਲਾਇਆ। ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਧਾਰਮਿਕ ਡੇਰੇ ਦੇ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਖੁੱਲ੍ਹ ਕੇ ਡੇਰੇ ਦੀ ਹਮਾਇਤ ਕੀਤੀ ਹੈ ਅਤੇ ਅੱਜ ਡੇਰੇ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਬਿਆਸ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਪੰਜਾਬ, ਰਾਜਸਥਾਨ ਦੇ ਲੋਕ ਪੀਣ ਲਈ ਵਰਤਦੇ ਹਨ, ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਰੋਸ ਵਜੋਂ ਇੱਥੇ ਧਰਨਾ ਲਾ ਕੇ ਸੁੱਤੀ ਹੋਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਡੇਰੇ ਦੇ ਪ੍ਰਬੰਧਕਾਂ ਵੱਲੋਂ ਪਿੰਡ ਬੁਤਾਲਾ ਅਤੇ ਪ੍ਰਿਥੀਪੁਰ ਦੇ ਗੁਰਦੁਆਰੇ ਦੀ ਛੇ ਏਕੜ ਜ਼ਮੀਨ ਦੇ ਝੂਠੇ ਤਬਾਦਲੇ ਦੇ ਰੂਪ ਵਿੱਚ ਦੋ ਏਕੜ ਜ਼ਮੀਨ ਦੇਣ ਦੇ ਮਾਮਲੇ ਦੀ ਵੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਣ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਮਨਦੀਪ ਕੌਰ, ਸੁਰਿੰਦਰ ਕੌਰ, ਹਰਪਾਲ ਸਿੰਘ ਧਰਮੀ ਫ਼ੌਜੀ , ਵਕੀਲ ਸਿੰਘ, ਹਰਬੰਸ ਸਿੰਘ ਰਵਾਲ ਵਾਲੇ, ਹਾਕਮ ਸਿੰਘ, ਮਨਜੀਤ ਸਿੰਘ ਸਣੇ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।