ਅਮਰੀਕੀ ਫ਼ੌਜ ’ਚ ਜਵਾਨਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਦਾ ਵਿਰੋਧ
ਆਤਿਸ਼ ਗੁਪਤਾ
ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਵੱਲੋਂ ਲੰਘੇ ਦਿਨ ਅਮਰੀਕੀ ਫ਼ੌਜ ਵਿੱਚ ਸੇਵਾ ਨਿਭਾਅ ਰਹੇ ਜਵਾਨਾਂ ਅਤੇ ਅਧਿਕਾਰੀਆਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਲਗਾਉਣ ਦੇ ਹੁਕਮਾਂ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਅਮਰੀਕਾ ਦੀ ਸਰਕਾਰ ਨਾਲ ਸੰਪਰਕ ਕਰੇ ਅਤੇ ਅਮਰੀਕਾ ’ਤੇ ਫ਼ੈਸਲਾ ਵਾਪਸ ਲੈਣ ਸਬੰਧੀ ਦਬਾਅ ਪਾਇਆ ਜਾਵੇ।
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅਮਰੀਕਾ ਸਰਕਾਰ ਵੱਲੋਂ ਜਵਾਨਾਂ ਤੇ ਅਧਿਕਾਰੀਆਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕੇਸ ਗੁਰੂਆਂ ਵੱਲੋਂ ਦਿੱਤੀ ਗਈ ਪਛਾਣ ਹੈ ਜੋ ਅਨੇਕਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿੱਥੇ ਵੀ ਨੌਕਰੀ ਕਰਦਾ ਹੈ ਉਹ ਪੂਰੀ ਤਨਦੇਹੀ ਦੇ ਨਾਲ ਕਰਦਾ ਹੈ। ਇਸ ਦੇ ਬਾਵਜੂਦ ਅਮਰੀਕੀ ਸਰਕਾਰ ਵੱਲੋਂ ਅਜਿਹਾ ਫ਼ੈਸਲਾ ਲੈਣਾ ਗ਼ਲਤ ਹੈ।
ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਇਹ ਆਦੇਸ਼ ਸਿੱਖਾਂ ਦੇ ਧਾਰਮਿਕ ਹੱਕਾਂ ’ਤੇ ਡਾਕਾ ਮਾਰਨ ਵਾਲੇ ਹਨ। ਇਸ ਲਈ ਅਮਰੀਕੀ ਸਰਕਾਰ ਸੈਨਿਕਾਂ ਦੇ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ ਦਾ ਫ਼ੈਸਲਾ ਤੁਰੰਤ ਵਾਪਸ ਲਵੇ। ਇਸ ਦੇ ਨਾਲ ਹੀ ਦੋਵਾਂ ‘ਆਪ’ ਆਗੂਆਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਸਰਕਾਰ ਨਾਲ ਸੰਪਰਕ ਕਰ ਕੇ ਦਾੜ੍ਹੀ ਕੇਸ ਰੱਖਣ ’ਤੇ ਲਾਈ ਪਾਬੰਦੀ ਦਾ ਮੁੱਦਾ ਚੁੱਕਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਦਾੜ੍ਹੀ ’ਤੇ ਪਾਬੰਦੀ ਦਾ ਮਾਮਲਾ ਅਮਰੀਕਾ ਸਰਕਾਰ ਕੋਲ ਚੁੱਕਣ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਿੱਖ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਧਰਮ ਦੀ ਪਾਲਣਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੁਨੀਆਂ ਭਰ ਵਿਚ ਸਿੱਖਾਂ ਵਿਚ ਭਾਰੀ ਰੋਸ ਹੈ।
ਭਾਜਪਾ ਬੁਲਾਰੇ ਵੱਲੋਂ ਮੋਦੀ ਨੂੰ ਦਖ਼ਲ ਦੀ ਅਪੀਲ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਫ਼ੌਜ ਵਿੱਚ ਦਾੜ੍ਹੀ ਰੱਖਣ ’ਤੇ ਰੋਕ ਲਗਾਉਣ ਦੇ ਫ਼ੈਸਲੇ ਨੂੰ ਧਾਰਮਿਕ ਸੁਤੰਤਰਤਾ ਅਤੇ ਨਾਗਰਿਕ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਦਾੜ੍ਹੀ ਰੱਖਣ ਵਾਲੇ ਭਾਈਚਾਰਿਆਂ ਖ਼ਾਸ ਕਰ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਇਸ ਫ਼ੈਸਲੇ ’ਤੇ ਤੁਰੰਤ ਮੁੜ ਵਿਚਾਰ ਕੀਤਾ ਜਾਵੇ। ਮਾਮਲੇ ਵਿੱਚ ਸਿੱਖ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਸਿੱਖ ਸਰੋਕਾਰਾਂ ਦੀ ਰੱਖਿਆ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।