ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਸਮਾਪਤ
ਇਥੇ ਪੰਜਾਬੀ ਭਵਨ ਨੇੜੇ ਪ੍ਰੋ. ਮੋਹਨ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾ ਕੇ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੀ ਸ਼ੁਰੂਆਤ ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਿਗਰੀ ਦੋਸਤ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਕੀਤੀ ਸੀ। ਪਿਛਲੇ ਸਾਲਾਂ ਦੌਰਾਨ ਇਸ ਮੇਲੇ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਸਨ, ਜਿਨ੍ਹਾਂ ’ਚ ਸੱਭਿਆਚਾਰਕ ਪ੍ਰੋਗਰਾਮ ਮੁੱਖ ਹੁੰਦਾ ਸੀ ਪਰ ਐਤਕੀ ਪੰਜਾਬ ਵਿੱਚ ਹੜ੍ਹ ਆਉਣ ਕਰ ਕੇ ਸੱਭਿਆਚਾਰਕ ਰੱਦ ਕਰ ਦਿੱਤੇ ਗਏ। ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ। ਉਨ੍ਹਾਂ ਫਾਊਂਡੇਸ਼ਨ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਫ਼ੁੱਲਾਂ ਦੇ ਹਾਰ ਭੇਟ ਕੀਤੇ। ਇਸ ਮੌਕੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ ਅਤੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ ਤੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਡਾ. ਜਗਤਾਰ ਸਿੰਘ ਧੀਮਾਨ, ਡਾ. ਨਿਰਮਲ ਜੌੜਾ, ਅਮਰਿੰਦਰ ਸਿੰਘ ਜੱਸੋਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਫਾਊਂਡੇਸ਼ਨ ਨੇ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਮੁੜ ਤੋਂ ਲੁਧਿਆਣਾ-ਫਿਰੋਜ਼ਪੁਰ ਰੋਡ ਸਥਿਤ ਆਰਤੀ ਚੌਕ ਵਿੱਚ ਲਗਾਉਣ ਦੀ ਮੰਗ ਕੀਤੀ ਗਈ। ਵਿਧਾਇਕ ਪਰਾਸ਼ਰ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਆਰਤੀ ਚੌਕ ਵਿੱਚ ਸਥਾਪਤ ਕਰਨ ’ਚ ਸਮਰਥਨ ਦੇਣ ਦਾ ਐਲਾਨ ਕੀਤਾ।