ਪੁਲੀਸ ਦੀ ਲਾਪ੍ਰਵਾਹੀ ਕਾਰਨ ਹਵਾਲਾਤੀ ਫਰਾਰ
ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿੱਚੋਂ ਇਲਾਜ ਅਧੀਨ ਇਕ ਹਵਾਲਾਤੀ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲੀਸ ਵੱਲੋਂ ਲਾਪ੍ਰਵਾਹੀ ਵਰਤਣ ਵਾਲੇ ਦੋ ਪੁਲੀਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੈਦੀ ਵਾਰਡ ਵਿਚ ਦਾਖਲ ਹਵਾਲਾਤੀ ਹਰਜੀਤ ਸਿੰਘ ਉਰਫ਼ ਜੀਤਾ ਵਾਸੀ ਮੁਹੱਲਾ ਚੱਠੂਆਂ ਵਾਲਾ, ਥਾਣਾ ਸਿਟੀ ਪੱਟੀ ਫਰਾਰ ਹੋ ਚੁੱਕਾ ਸੀ।
ਫਰਾਰ ਹੋਣ ਵਾਲਾ ਕੈਦੀ ਹਰਜੀਤ ਸਿੰਘ ਨੂੰ ਥਾਣਾ ਮਖੂ ਅਧੀਨ ਜੁਡੀਸ਼ੀਅਲ ਕਸਟਡੀ ਵਿਚ ਰੱਖਿਆ ਗਿਆ ਸੀ ਅਤੇ ਉਹ 16 ਸਤੰਬਰ ਤੋਂ ਸਿਵਲ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਿਹਾ ਸੀ। ਪੁਲੀਸ ਵੱਲੋਂ ਕੀਤੀ ਪੜਤਾਲ ਦੌਰਾਨ ਹਵਾਲਾਤੀ ਹਰਜੀਤ ਸਿੰਘ ਅੱਜ ਸਵੇਰੇ ਤਕਰੀਬਨ 2 ਵਜੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਅਤੇ ਸੀਨੀਅਰ ਸਿਪਾਹੀ ਸਵਰਨ ਸਿੰਘ ਦੀ ਅਣਗਹਿਲੀ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਫਰਾਰ ਹੋਏ ਹਵਾਲਾਤੀ ਹਰਜੀਤ ਸਿੰਘ ਉਰਫ਼ ਜੀਤਾ ਸਮੇਤ ਅਣਗਹਿਲੀ ਵਰਤਣ ਵਾਲੇ ਦੋਵੇਂ ਪੁਲੀਸ ਮੁਲਾਜ਼ਮਾਂ ਸਹਾਇਕ ਥਾਣੇਦਾਰ ਦੀਦਾਰ ਸਿੰਘ ਅਤੇ ਸੀਨੀਅਰ ਸਿਪਾਹੀ ਸਵਰਨ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਫਰਾਰ ਹੋਏ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਤਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।