ਜੇਲ੍ਹ ਦੀ ਕੰਧ ਟੱਪ ਕੇ ਕੈਦੀ ਫ਼ਰਾਰ
ਰਤਨ ਿਸੰਘ ਢਿੱਲੋਂ
ਕੇਂਦਰੀ ਜੇਲ੍ਹ ਵਿੱਚ ਪੋਕਸੋ ਐਕਟ ਤਹਿਤ ਬੰਦ ਕੈਦੀ ਜੇਲ੍ਹ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ।
ਇਨ੍ਹਾਂ ਵਿੱਚ ਹੈੱਡ ਵਾਰਡਨ ਦਲੀਪ ਅਤੇ ਵਾਰਡਨ ਗੌਰਵ ਸ਼ਾਮਲ ਹਨ। ਅਜੈ ਕੁਮਾਰ ਨਾਂ ਦਾ ਇਹ ਕੈਦੀ ਮੂਲ ਰੂਪ ਵਿੱਚ ਬਿਹਾਰ ਦੇ ਕਿਸ਼ਨਗੜ੍ਹ ਥਾਣੇ ਦੇ ਤੇਰਹਾਗਛ ਖਜੂਰੀ ਬਾੜੀ ਦਾ ਰਹਿਣ ਵਾਲਾ ਹੈ ਅਤੇ ਇਸ ਖ਼ਿਲਾਫ਼ 17 ਮਾਰਚ 2024 ਨੂੰ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਪੁਲੀਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 363, 366ਏ, 376 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਹੋਇਆ ਸੀ।
ਜਾਣਕਾਰੀ ਅਨੁਸਾਰ ਕੈਦੀ ਰੋਜ਼ਾਨਾ ਜੇਲ੍ਹ ਦੀ ਫ਼ੈਕਟਰੀ ਵਿੱਚ ਕੰਮ ਕਰਨ ਜਾਂਦਾ ਸੀ। ਉਹ ਸ਼ਨਿੱਚਰਵਾਰ ਨੂੰ ਵੀ ਉੱਥੇ ਗਿਆ ਸੀ। ਜੇਲ੍ਹ ਫ਼ੈਕਟਰੀ ਬੰਦ ਕਰਨ ਸਮੇਂ ਦੁਪਹਿਰ 3 ਵਜੇ ਆਮ ਵਾਂਗ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ। ਇਸ ਦੌਰਾਨ ਅਜੈ ਲਾਪਤਾ ਪਾਇਆ ਗਿਆ।
ਤਲਾਸ਼ੀ ਲੈਣ ਅਤੇ ਜੇਲ੍ਹ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕੈਦੀ ਕੁਝ ਮਿੰਟਾਂ ਤੱਕ ਬਿਜਲੀ ਬੰਦ ਹੋਣ ਦਾ ਫ਼ਾਇਦਾ ਉਠਾਉਂਦਿਆਂ ਖੰਭੇ ਦੇ ਸਹਾਰੇ ਕੰਧ ਟੱਪ ਕੇ ਫ਼ਰਾਰ ਹੋ ਗਿਆ। ਜੇਲ੍ਹ ਦੇ ਡਿਪਟੀ ਸੁਪਰਡੈਂਟ ਡਾ. ਰਾਜੀਵ ਦੀ ਸ਼ਿਕਾਇਤ ਦੇ ਆਧਾਰ ’ਤੇ ਬਲਦੇਵ ਨਗਰ ਪੁਲੀਸ ਨੇ ਕੈਦੀ ਵਿਰੁੱਧ ਪ੍ਰਿਜ਼ਨ ਐਕਟ 1894 ਅਤੇ ਬੀ ਐੱਨ ਐੱਸ ਦੀ ਧਾਰਾ 262 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਵੱਲੋਂ ਅੰਬਾਲਾ, ਪੰਚਕੂਲਾ, ਯਮੁਨਾਨਗਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਹੈ। ਪਿਛਲੇ 45 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਜੇਲ੍ਹ ਵਿੱਚੋਂ ਕੋਈ ਕੈਦੀ ਫਰਾਰ ਹੋਇਆ ਹੈ।