ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰਦੁਆਰਿਆਂ ’ਚ ਪ੍ਰਾਇਮਰੀ ਸਕੂਲ ਬਣਾਏ ਜਾਣਗੇ: ਝੀਂਡਾ

ਐੱਚਐੱਸਜੀਪੀਸੀ ਦੇ ਪ੍ਰਧਾਨ ਵੱਲੋਂ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਦੇਣ ਦਾ ਉਪਰਾਲਾ
Advertisement

ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ, 13 ਜੁਲਾਈ

Advertisement

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇੜਲੇ ਭਵਿੱਖ ਵਿੱਚ ਸੂਬੇ ਦੇ ਗੁਰਦੁਆਰਿਆਂ ਵਿੱਚ ਪ੍ਰਾਇਮਰੀ ਪੱਧਰ ਦੇ ਸਕੂਲ ਸਥਾਪਤ ਕਰੇਗੀ। ਇਨ੍ਹਾਂ ਸਕੂਲਾਂ ਦਾ ਉਦੇਸ਼ ਪ੍ਰਾਇਮਰੀ ਪੱਧਰ ’ਤੇ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਨੂੰ ਸਿੱਖ ਧਰਮ ਦੀ ਮੂਲ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਜੋ ਭਵਿੱਖ ਵਿੱਚ ਇਹ ਬੱਚੇ ਸਿੱਖ ਧਰਮ ਦੀ ਮਜ਼ਬੂਤ ਨੀਂਹ ਬਣ ਸਕਣ।

ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰਚਾਰ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕਮੇਟੀ ਸ਼ਾਹਬਾਦ ਦੇ ਮੀਰੀ-ਪੀਰੀ ਕਾਲਜ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਮੈਡੀਕਲ ਕਾਲਜ ਵਿੱਚ ਛੇਤੀ ਤੋਂ ਛੇਤੀ ਵੱਡੇ ਪੱਧਰ ਦੇ ਕੰਮ ਸ਼ੁਰੂ

ਹੋ ਸਕਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਬਣਦੇ ਹਿੱਸੇ ਦੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀ ਜ਼ਮੀਨ ਐਕੁਆਇਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਦੋ ਵਾਰ ਪੱਤਰ ਲਿਖਿਆ ਗਿਆ ਹੈ ਅਤੇ ਛੇਤੀ ਹੀ ਇਸ ਸਬੰਧ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਣਗੇ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾਂ ਕੋਲ ਪਈ 4 ਏਕੜ ਜ਼ਮੀਨ ਵਿੱਚੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਮੀਨ ਦੇਣ ਦੀ ਮੰਗ ਕੀਤੀ ਗਈ ਹੈ। ਇਸ ਜ਼ਮੀਨ ਵਿੱਚ ਕਮੇਟੀ 200 ਕਮਰਿਆਂ ਦੀ ਸਰਾਂ ਬਣਾਏਗੀ, ਤਾਂ ਕਿ ਹਰਿਆਣਾ ਦੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ’ਤੇ ਰਹਿਣ ਦੀ ਕੋਈ ਸਮੱਸਿਆ ਨਾ ਆਵੇ। ਝੀਂਡਾ ਨੇ ਐਲਾਨ ਕੀਤਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦਾ ਸਥਾਪਨਾ ਦਿਵਸ 14 ਜੁਲਾਈ ਨੂੰ ਕੁਰੂਕਸ਼ੇਤਰ ਦੇ ਗੁਰਦੁਆਰੇ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਦੇ ਪਿਹੋਵਾ ਰੋਡ ਤੋਂ ਜਾਣ ਵਾਲੀ ਮੁੱਖ ਸੜਕ ’ਤੇ ਦਰਸ਼ਨ ਡਿਉਢੀ ਬਣਾਈ ਜਾਵੇਗੀ, ਜਿਸ ਦਾ ਕੰਮ ਛੇਤੀ ਹੀ ਕਾਰ ਸੇਵਾ ਵਾਲੇ ਸੰਤ ਬਾਬਾ ਅਮਰੀਕ ਸਿੰਘ ਵੱਲੋਂ ਸ਼ੁਰੂ ਕੀਤਾ ਜਾਵੇਗਾ।

ਪਹਿਲਾਂ ਉਨ੍ਹਾਂ ਗੁਰਦੁਆਰਾ ਕੰਪਲੈਕਸ ਦਾ ਨਿਰੀਖਣ ਕੀਤਾ ਅਤੇ ਗੁਰਦੁਆਰੇ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਮੇਟੀ ਮੈਂਬਰ ਮੇਜਰ ਸਿੰਘ ਗੂਹਲਾ, ਮਨਜੀਤ ਸਿੰਘ, ਧਿਆਨ ਸਿੰਘ ਗੂਹਲਾ, ਸੁਬੇਗ ਸਿੰਘ, ਸੁਰਜੀਤ ਸਿੰਘ (ਪ੍ਰਧਾਨ ਗੁਰਦੁਆਰਾ ਗੂਹਲਾ), ਸਤਨਾਮ ਸਿੰਘ ਅਤੇ ਦਰਸ਼ਨ ਸਿੰਘ ਮੌਜੂਦ ਸਨ।

Advertisement