ਹਾਦਸੇ ’ਚ ਗਰਭਵਤੀ ਔਰਤ ਤੇ ਧੀ ਦੀ ਮੌਤ
ਪਿੰਡ ਹੱਲਾ ਚਾਹੀਆਂ ਨੇੜੇ ਲਿੰਕ ਸੜਕ ’ਤੇ ਬੀਤੀ ਦੁਪਹਿਰ ਸੜਕ ਹਾਦਸੇ ਵਿੱਚ ਗਰਭਵਤੀ ਔਰਤ ਤੇ ਉਸ ਦੀ ਤਿੰਨ ਸਾਲਾ ਧੀ ਦੀ ਮੌਤ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਚਾਲਕ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੀ ਪਛਾਣ ਕਾਜਲ (25) ਅਤੇ ਉਸ ਦੀ ਧੀ ਪ੍ਰਿੰਸੀ (3) ਵਾਸੀ ਪਿੰਡ ਅਵਾਂਖਾ ਵਜੋਂ ਹੋਈ ਹੈ। ਕਾਜਲ ਪੰਜ ਮਹੀਨਿਆਂ ਦੀ ਗਰਭਵਤੀ ਸੀ। ਕਾਜਲ ਆਪਣੇ ਜੀਜੇ ਮਨੂ ਕਲੋਤਰਾ ਨਾਲ ਮੋਟਰਸਾਈਕਲ ’ਤੇ ਪਿੰਡ ਅਵਾਂਖਾ ਤੋਂ ਗੁਰਦਾਸਪੁਰ ਆਪਣੀ ਮਾਸੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਨੇ ਖਾਦ ਨਾਲ ਭਰੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਪਿੱਛੇ ਬੈਠੀ ਕਾਜਲ ਤੇ ਉਸ ਦੀ ਧੀ ਪ੍ਰਿੰਸੀ ਸੜਕ ’ਤੇ ਡਿੱਗ ਪਈਆਂ। ਦੋਵੇਂ ਮਾਂ-ਧੀ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਦਰ ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਲਿਆ ਪੁਲੀਸ ਨੇ ਮਾਂ-ਧੀ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ।
ਕੰਬਾਈਨ ਕਾਰਨ ਹਾਦਸੇ ’ਚ ਪਿਉ-ਧੀ ਦੀ ਮੌਤ
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਇਥੋਂ ਗੁਰਦਾਸਪੁਰ ਨੂੰ ਜਾਂਦੀ ਸੜਕ ’ਤੇ ਬੱਤੀਆਂ ਵਾਲੇ ਚੌਕ ਵਿੱਚ ਕੰਬਾਈਨ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਉ-ਧੀ ਦੀ ਮੌਤ ਹੋ ਗਈ। ਨੌਜਵਾਨ ਚਰਨਜੀਤ ਸਿੰਘ ਪੁੱਤਰ ਸੰਤੋਖ ਸਿੰਘ ਆਪਣੀ ਧੀ ਤਰਨਪ੍ਰੀਤ ਕੌਰ ਦੇ ਨਾਲ ਹਰਚੋਵਾਲ ਤੋਂ ਸ੍ਰੀ ਹਰਗੋਬਿੰਦਪੁਰ ਵੱਲ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਟੱਕਰ ਸਾਹਮਣੇ ਤੋਂ ਆ ਰਹੀ ਕੰਬਾਈਨ ਨਾਲ ਹੋ ਗਈ। ਹਾਦਸੇ ’ਚ ਪਿਉ-ਧੀ ਦੀ ਮੌਤ ਹੋ ਗਈ। ਪ੍ਰਸ਼ਾਸਨ ਵੱਲੋਂ ਕੰਬਾਈਨ ਅੱਗੇ ਕੱਟਰ ਲਗਾ ਕੇ ਸੜਕ ’ਤੇ ਚਲਾਉਣ ਦੀ ਪਾਬੰਦੀ ਲਗਾਈ ਹੋਈ ਹੈ ਪਰ ਕੰਬਾਈਨ ਮਾਲਕ ਆਪਣਾ ਸਮਾਂ ਬਚਾਉਣ ਲਈ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ।