ਪ੍ਰਕਾਸ਼ ਪੁਰਬ: ਸੰਗਤ ਦਾ ਸੁਲਤਾਨਪੁਰ ਲੋਧੀ ਵੱਲ ਰੁਖ਼
ਗੁਰੁੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਰ ਰਾਤ ਗੁਰਦੁਆਰਾ ਬੇਰ ਸਾਹਿਬ ਵਿੱਚ ਅਖੰਡ ਪਾਠ ਦੀ ਆਰੰਭਤਾ ਨਾਲ ਸਮਾਗਮਾਂ ਦੀ ਰਸਮੀ ਸ਼ੁਰੂਆਤ ਹੋ ਗਈ। ਗੁਰਦੁਆਰਾ ਬੇਰ ਸਾਹਿਬ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਚੀਨ ਤੇ ਕੰਬੋਡੀਆ ਤੋਂ ਲਿਆਂਦੇ ਇੰਨ੍ਹਾਂ ਬਨਾਉਟੀ ਫੁੱਲਾਂ ਦੀ ਮਹਿਕ ਭਾਵੇਂ ਨਹੀਂ ਹੈ ਪਰ ਇਸ ਦੀ ਸੁੰਦਰਤਾ ਦੇਖਿਆਂ ਹੀ ਬਣਦੀ ਹੈ। ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਫੁੱਲ ਦੋ ਦੇਸ਼ਾਂ ਤੋਂ ਮੰਗਵਾਏ ਗਏ ਹਨ। ਇਨ੍ਹਾਂ ਦੀ ਸੇਵਾ ਸੁਖਵਿੰਦਰ ਸਿੰਘ ਡੱਡਵਿੰਡੀ, ਹੀਰਾ ਸਿੰਘ ਅਤੇ ਲੁਧਿਆਣੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ। ਗੁਰਦੁਆਰਾ ਪਾਲਕੀ ਸਾਹਿਬ ’ਤੇ ਕੁਦਰਤੀ ਫੁੱਲਾਂ ਦੀ ਸਜਾਵਟ ਦੇਰ ਰਾਤ ਕੀਤੀ ਜਾ ਰਹੀ ਸੀ।
ਸੰਗਤਾਂ ਦੀ ਆਮਦ ਸਵੇਰ ਤੋਂ ਜਾਰੀ ਸੀ। ਦੂਰ-ਦਰਾਡੇ ਦੀਆਂ ਸੰਗਤਾਂ ਲਈ ਠਹਿਰਨ ਦਾ ਪ੍ਰਬੰਧ ਸਰਾਵਾਂ ਵਿੱਚ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿਚਲੇ ਹੋਰ ਇਤਿਹਾਸਕ ਗੁਰਧਾਮਾਂ ’ਤੇ ਸੰਗਤਾਂ ਦੀ ਆਮਦ ਰਹੀ। ਗੁਰਦੁਆਰਾ ਬੇਰ ਸਾਹਿਬ ਤੇ ਗੁਰਦੁਆਰਾ ਸੰਤ ਘਾਟ ਵਿਖੇ ਸੰਗਤਾਂ ਪਵਿੱਤਰ ਵੇਈਂ ਵਿੱਚ ਵੀ ਸ਼ਰਧਾ ਨਾਲ ਇਸ਼ਨਾਨ ਕਰ ਰਹੀਆਂ ਹਨ। ਭਲਕੇ 4 ਨਵੰਬਰ ਨੂੰ ਗੁਰਦੁਆਰਾ ਸੰਤ ਘਾਟ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ। 5 ਨਵੰਬਰ ਨੂੰ ਗੁਰਦੁਆਰਾ ਬੇਰ ਸਾਹਿਬ ਵਿਖੇ ਮੁੱਖ ਸਮਾਗਮ ਹੋਵੇਗਾ ਅਤੇ ਨਿਹੰਗ ਸਿੰਘ ਦਾ ਮਹੱਲਾ 6 ਨੰਵਬਰ ਨੂੰ ਕੱਢਿਆ ਜਾਵੇਗਾ।
ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ: ਗੜਗੱਜ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਸਾਲਾਨਾ ਜਨਰਲ ਇਜਲਾਸ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ 2019 ਵਿੱਚ ਭਾਰਤ ਸਰਕਾਰ ਨੇ ਜੋ ਐਲਾਨ ਕੀਤਾ ਸੀ, ਉਸ ਦਾ ਸਤਿਕਾਰ ਕਰਦਿਆਂ ਬੰਦੀ ਸਿੰਘ ਰਿਹਾਅ ਕੀਤੇ ਜਾਣ ਚਾਹੀਦੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿੱਚ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਸੰਬੋਧਤ ਕਰਨ ਸਬੰਧੀ ਜਥੇਦਾਰ ਗੜਗੱਜ ਨੇ ਕਿਹਾ ਕਿ ਦੇਸ਼ ਦੇ ਸਾਰੇ ਮੀਡੀਆ ਅਤੇ ਸਬੰਧਤ ਅਦਾਰਿਆਂ ਦਾ ਫ਼ਰਜ਼ ਹੈ ਕਿ ਉਹ ਇਸ ਘਟਨਾ ਲਈ ‘ਦੰਗੇ’ ਸ਼ਬਦ ਨਾ ਵਰਤਣ।
