ਪੀ ਆਰ 6 ਸੜਕ ਦਾ ਮਸਲਾ: ਵਫ਼ਦ ਵੱਲੋਂ ਪੁੱਡਾ ਦੇ ਮੁੱਖ ਸਕੱਤਰ ਨੂੰ ਮੰਗ ਪੱਤਰ
ਕਮੇਟੀ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਜ਼ ਐਂਡ ਸੁਸਾਇਟੀਜ਼ (ਮੇਗਾ) ਮੁਹਾਲੀ ਦੇ ਵਫ਼ਦ ਨੇ ਪੁੱਡਾ ਦੇ ਮੁੱਖ ਸਕੱਤਰ ਵਿਕਾਸ ਗਰਗ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੁਹਾਲੀ ਦੇ ਸੈਕਟਰ 117-74 ਅਤੇ 116-92 ਦਰਮਿਆਨ 200 ਫੁੱਟ ਚੌੜੀ ਸੈਕਟਰ ਡਿਵਾਈਡਿੰਗ ਰੋਡ (ਪੀ ਆਰ 6) ਦੇ ਤੁਰੰਤ ਨਿਰਮਾਣ ਦੀ ਮੰਗ ਕੀਤੀ। ਵਫ਼ਦ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਹ ਮਹੱਤਵਪੂਰਨ ਪ੍ਰਾਜੈਕਟ ਪਿਛਲੇ 12 ਸਾਲਾਂ ਤੋਂ ਅਧੂਰਾ ਪਿਆ ਹੈ, ਜਿਸ ਕਰਕੇ ਹਜ਼ਾਰਾਂ ਵਸਨੀਕਾਂ ਨੂੰ ਆਵਾਜਾਈ, ਡਰੇਨੇਜ ਅਤੇ ਸੜਕਾਂ ਦੀ ਬਦਹਾਲੀ ਕਾਰਨ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗਮਾਡਾ ਇਸ ਪ੍ਰਾਜੈਕਟ ਲਈ ਜ਼ਮੀਨ ਦੀ ਖਰੀਦਦਾਰੀ ’ਤੇ ਲਗਪਗ 200 ਕਰੋੜ ਖਰਚ ਕਰ ਚੁੱਕਿਆ ਹੈ, ਪਰ ਫਿਰ ਵੀ ਨਿਰਮਾਣ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਕੁੱਝ ਹਿੱਸਾ ਇੱਕ ਪ੍ਰਾਈਵੇਟ ਬਿਲਡਰ ਦੇ ਕਬਜ਼ੇ ਵਿੱਚ ਹੋਣ ਕਰਕੇ ਰੁਕਾਵਟ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਬਿਲਡਰ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਲਈ ਹਾਈ ਕੋਰਟ ਵਿੱਚ ਅਪੀਲ ਕਰ ਕੇ ਆਪਣੇ ਹੱਕ ਤੋਂ ਵੱਧ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਸਾਫ਼ ਜਾਪਦਾ ਹੈ ਕਿ ਵਿਭਾਗ ਅਤੇ ਕੰਪਨੀ ਦੋਵੇਂ ਰਲ ਮਿਲ ਕੇ ਨਿੱਜੀ ਲਾਭ ਲਈ ਜਨ ਹਿੱਤ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਰੋਡ ਨਾਲ ਲੱਗਦੇ ਹਜ਼ਾਰਾਂ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਸਾਰੇ ਵਸਨੀਕ ਇਕੱਠੇ ਹੋ ਕੇ ਏਅਰਪੋਰਟ ਰੋਡ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।