ਗੁਰਦਾਸਪੁਰ ਥਾਣਾ ਸਿਟੀ ਨੇੜੇ ਜ਼ੋਰਦਾਰ ਧਮਾਕਾ
ਪੁਲੀਸ ਅਨੁਸਾਰ ਮੰਗਲਵਾਰ ਸ਼ਾਮੀਂ ਟਰੱਕ ਦਾ ਟਾਇਰ ਫਟਿਆ, ਦੂਜੇ ਪਾਸੇ ਅਤਿਵਾਦੀ ਸੰਗਠਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Advertisement
ਥਾਣਾ ਸਿਟੀ ਗੁਰਦਾਸਪੁਰ ਨੇੜੇ ਮੰਗਲਵਾਰ ਦੇਰ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਣ ਤੋਂ ਬਾਅਦ ਸ਼ਹਿਰ ਵਿੱਚ ਸਨਸਨੀ ਫੈਲੀ ਹੋਈ ਹੈ। ਹਾਲਾਂਕਿ ਇਸ ਧਮਕੇ ਉਪਰੰਤ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਸੜਕ ਤੋਂ ਲੰਘ ਰਹੇ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਹੋਇਆ ਹੈ, ਪਰ ਉੱਥੇ ਹੀ ਅਤਿਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਨੂੰ ਗਰਨੇਡ ਹਮਲਾ ਦੱਸ ਕੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਪੁਲੀਸ ਅਧਿਕਾਰੀ ਵਾਇਰਲ ਹੋ ਰਹੀ ਇਸ ਪੋਸਟ ਨੂੰ ਵੀ ਫੇਕ ਦੱਸ ਰਹੇ ਹਨ।
ਜਾਣਕਾਰੀ ਅਨੁਸਾਰ ਬੀਤੇ ਦੇਰ ਸ਼ਾਮ 7 ਵਜੇ ਦੇ ਕਰੀਬ ਥਾਣਾ ਸਿਟੀ ਨੇੜੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉੱਥੋਂ ਲੰਘ ਰਹੀ ਸਪਨਾ ਸ਼ਰਮਾ ਨਾਮ ਮਹਿਲਾ ਦੇ ਮਾਮੂਲੀ ਜ਼ਖ਼ਮੀ ਵੀ ਖ਼ਬਰ ਹੈ। ਸਪਨਾ ਸ਼ਰਮਾ ਅਨੁਸਾਰ ਜਦੋਂ ਉਹ ਥਾਣੇ ਨੇੜਿਓਂ ਲੰਘ ਰਹੀ ਸੀ ਤਾਂ ਉਸ ਨੂੰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇੱਕ ਮਿੱਟੀ ਦਾ ਗ਼ੁਬਾਰ ਉੱਠਿਆ ਅਤੇ ਉਸ ਨੂੰ ਆਪਣੇ ਸਰੀਰ ’ਤੇ ਹਲਕੇ ਪੱਥਰ ਜਿਹੇ ਵੱਜਣ ਜਿਹਾ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਉਸ ਨੇ ਨੇੜਿਉਂ ਲੰਘ ਰਹੇ ਲੋਕਾਂ ਨੂੰ ਆਵਾਜ਼ ਦਿੱਤੀ ਪਰ ਕੋਈ ਉਸ ਦੇ ਨੇੜੇ ਨਹੀਂ ਆਇਆ। ਪੁਲੀਸ ਕਰਮਚਾਰੀਆਂ ਨੇ ਉਸ ਨੂੰ ਚੁੱਕਿਆ ਉਸ ਨੂੰ ਉਸ ਦੇ ਘਰ ਲੈ ਗਏ। ਮਹਿਲਾ ਨੇ ਦੱਸਿਆ ਕਿ ਪੁਲੀਸ ਕਰਮਚਾਰੀਆਂ ਨੇ ਦੱਸਿਆ ਸੀ ਕਿ ਉਸ ਦੇ ਨੇੜਿਓਂ ਕੋਈ ਟਰੱਕ ਲੰਘਿਆ ਸੀ ਜਿਸ ਦਾ ਟਾਇਰ ਫਟਣ ਕਾਰਨ ਇਹ ਸਭ ਹੋਇਆ ਹੈ ।
ਦੂਜੇ ਪਾਸੇ ਐੱਸਪੀਡੀ ਡੀਕੇ ਚੌਧਰੀ ਦਾ ਕਹਿਣਾ ਹੈ ਕਿ ਸਨਸਨੀ ਫੈਲਾਉਣ ਲਈ ਇਹ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਪਰ ਇਹ ਪੋਸਟ ਵੀ ਫੇਕ ਲੱਗਦੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨਾਲ ਅਤਿਵਾਦੀ ਸੰਗਠਨ ਦਾ ਕੋਈ ਲੈਣਾ ਦੇਣਾ ਹੈ ਜਾਂ ਨਹੀਂ।
ਦੱਸ ਦੇਈਏ ਕਿ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪਨਿਆੜ ਸ਼ੂਗਰ ਮਿਲ ਦੀ ਕਪੈਸਿਟੀ ਵਧਾਉਣ ਸਬੰਧੀ ਰੱਖੇ ਗਏ ਸਮਾਗਮ ਵਿੱਚ ਹਿੱਸਾ ਲੈਣ ਗੁਰਦਾਸਪੁਰ ਆ ਰਹੇ ਹਨ।
Advertisement
