ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋਣ ਦੀ ਸੰਭਾਵਨਾ
ਬਾਰਸ਼, ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਉੱਤਰਾਖੰਡ ਵਿੱਚ ਵੱਖ-ਵੱਖ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਸੀ। ਇਸ ਕਾਰਨ ਉੱਤਰਾਖੰਡ ਸਰਕਾਰ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਪੰਜ ਸਤੰਬਰ ਤੱਕ ਰੋਕ ਦਿੱਤੀ ਗਈ ਸੀ, ਜੋ ਹੁਣ ਮੁੜ ਸ਼ੁਰੂ ਹੋਵੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ਸਰਕਾਰ ਵੱਲੋਂ ਚਾਰ ਧਾਮ ਯਾਤਰਾ ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਪਹਿਲੀ ਤੋਂ 5 ਸਤੰਬਰ ਤੱਕ ਬੰਦ ਕੀਤੀ ਗਈ ਹੈ। ਅਜਿਹਾ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਯਤਨ ਕਰ ਰਹੇ ਹਨ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਪੰਜ ਸਤੰਬਰ ਤੋਂ ਸ਼ੁਰੂ ਹੋ ਜਾਵੇ। ਜੇ ਮੌਸਮ ਠੀਕ ਰਹਿੰਦਾ ਹੈ ਤਾਂ ਯਾਤਰਾ ਪੰਜ ਸਤੰਬਰ ਤੋਂ ਸ਼ੁਰੂ ਹੋਵੇਗੀ ਨਹੀਂ ਤਾਂ ਪੰਜ ਸਤੰਬਰ ਤੋਂ ਬਾਅਦ ਆਰੰਭ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਸਾਲਾਨਾ ਯਾਤਰਾ ਦਸ ਅਕਤੂਬਰ ਨੂੰ ਖਤਮ ਕਰਨ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ੀਤ ਕਾਲ ਵਿੱਚ ਸੰਗਤ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਜਾ ਚੁੱਕਿਆ ਹੈ।