ਰਾਏਕੋਟ ਹਲਕੇ ਦੇ ਪੋਲਿੰਗ ਬੂਥਾਂ ’ਤੇ ਸੁੰਨ ਪਸਰੀ, ਵੋਟਰਾਂ ਦਾ ਉਤਸ਼ਾਹ ਮੱਠਾ
ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦਿੱਤਾ; ਦੁਪਹਿਰ 12 ਵਜੇ ਤੱਕ ਕੇਵਲ 17.2 ਫ਼ੀਸਦੀ ਵੋਟਿੰਗ ਦੀ ਖ਼ਬਰ
ਗੁਰੂਸਰ ਸੁਧਾਰ ਦੇ ਨਵੀਂ ਅਬਾਦੀ ਅਕਾਲਗੜ੍ਹ ਦੇ ਸਰਕਾਰੀ ਸਕੂਲ ਵਿੱਚ ਸੁਰੱਖਿਆ ਲਈ ਤਾਇਨਾਤ ਮਹਿਲਾ ਪੁਲੀਸ ਕਰਮਚਾਰਨਾਂ ਧੁੱਪ ਦਾ ਅਨੰਦ ਮਾਣਦੀਆਂ ਹੋਈਆਂ। ਫ਼ੋਟੋ - ਗਿੱਲ
Advertisement
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਬਾਅਦ ਦੁਪਹਿਰ ਤੱਕ ਹਲਕੇ ਦੇ ਪਿੰਡਾਂ ਵਿੱਚ ਪੋਲਿੰਗ ਬੂਥਾਂ ਉਪਰ ਕਿਧਰੇ ਰੌਣਕ ਦਿਖਾਈ ਨਹੀਂ ਦਿੱਤੀ ਅਤੇ ਨਾ ਹੀ ਵੋਟਰਾਂ ਦੀਆਂ ਕਤਾਰਾਂ ਦਿਖਾਈ ਦਿੱਤੀਆਂ। ਇਕਾ-ਦੁੱਕਾ ਵੋਟਰ ਹੀ ਵੋਟ ਪਾਉਣ ਲਈ ਘਰਾਂ ਵਿਚੋਂ ਬਾਹਰ ਆਏ, ਜਿਸ ਕਾਰਨ ਉਮੀਦਵਾਰਾਂ ਦੇ ਹੌਸਲੇ ਡਾਵਾਂਡੋਲ ਹੀ ਦਿਖਾਈ ਦੇ ਰਹੇ ਸਨ, ਹਾਲਾਂਕਿ ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ ਪੂਰੀ ਸਰਗਰਮੀ ਨਾਲ ਪਿੰਡਾਂ ਵਿੱਚ ਦੌਰੇ ਕਰਦੇ ਦੇਖੇ ਗਏ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਦਿੱਤੇ ਅੰਕੜਿਆਂ ਮੁਤਾਬਕ ਦੁਪਹਿਰ 12 ਵਜੇ ਤੱਕ ਕੇਵਲ 17.2 ਫ਼ੀਸਦੀ ਵੋਟਾਂ ਪਈਆਂ ਹਨ। ਜਾਣਕਾਰੀ ਅਨੁਸਾਰ ਰਾਏਕੋਟ ਬਲਾਕ ਵਿੱਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ। ਹਲਵਾਰਾ ਦੇ ਇਕ ਬੂਥ ਉਪਰ ਕਰੀਬ 22 ਫੀਸਦ ਵੋਟਿੰਗ ਹੋਈ ਸੀ ਜਦਕਿ ਇਕ ਹੋਰ ਬੂਥ ਉਪਰ ਪਹਿਲੇ ਚਾਰ ਘੰਟਿਆਂ ਵਿੱਚ ਵੋਟਿੰਗ 10 ਫੀਸਦ ਤੱਕ ਹੀ ਪਹੁੰਚੀ ਸੀ। ਉੱਧਰ ਖ਼ੁਫ਼ੀਆ ਰਿਪੋਰਟਾਂ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਕਾਫ਼ੀ ਮੁਸਤੈਦ ਦਿਖਾਈ ਦਿੱਤਾ। ਸੰਵੇਦਨਸ਼ੀਲ ਬੂਥਾਂ ਉਪਰ ਵਾਧੂ ਸੁਰੱਖਿਆ ਦਿੱਤੀ ਗਈ ਸੀ। ਦੁਪਹਿਰ ਦੋ ਵਜੇ ਤੱਕ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਬਾਰੇ ਕੋਈ ਰਿਪੋਰਟ ਨਹੀਂ ਮਿਲੀ ਹੈ।
Advertisement
Advertisement
