ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਆਸੀ ਟੇਵਾ: ਮਜੀਠੀਆ ਮਾਮਲੇ ਦਾ ਕੌਣ ਖੱਟੇਗਾ ਸਿਆਸੀ ਮੁੱਲ

ਜ਼ਿਮਨੀ ਚੋਣ ਵਿੱਚ ਵਿਰੋਧੀਆਂ ਨੂੰ ਹਾਰ ਦੀ ਨਮੋਸ਼ੀ ਢਕਣ ਦਾ ਮੌਕਾ ਮਿਲਿਆ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 25 ਜੂਨ

Advertisement

ਵਿਜੀਲੈਂਸ ਬਿਊਰੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨਾਲ ਵਿਰੋਧੀ ਧਿਰਾਂ ਨੂੰ ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਹੋਈ ਹਾਰ ਦੀ ਨਮੋਸ਼ੀ ਨੂੰ ਢਕਣ ਦਾ ਮੌਕਾ ਮਿਲ ਗਿਆ ਹੈ। ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨਾਲ ਕੜੀ ਜੋੜ ਕੇ ਮਜੀਠੀਆ ਦੀ ਗ੍ਰਿਫ਼ਤਾਰੀ ਕੀਤੀ ਹੈ ਤਾਂ ਜੋ ਵਿਰੋਧੀਆਂ ਦੇ ਉਸ ਕੂੜ ਪ੍ਰਚਾਰ ਨੂੰ ਧੋਤਾ ਜਾ ਸਕੇ ਕਿ ਵੱਡੇ ਮਗਰਮੱਛ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਹੈ। ਆਮ ਆਦਮੀ ਪਾਰਟੀ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ’ਚ ਇੱਕ ਬਿਰਤਾਂਤ ਖੜ੍ਹਾ ਕਰ ਰਹੀ ਹੈ ਜਿਸ ਨੂੰ ਮੌਜੂਦਾ ਮਾਮਲੇ ਜ਼ਰੀਏ ਸਿਖ਼ਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ।

ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਜਿੱਤ ਦੇ ਜਸ਼ਨਾਂ ਦਰਮਿਆਨ ਹੀ ਪੰਜਾਬ ਸਰਕਾਰ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦੋਸ਼ੀ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ ਨੇ ਪ੍ਰੈੱਸ ਕਾਨਫ਼ਰੰਸਾਂ ਕਰਕੇ ਵੱਡੇ ਮਗਰਮੱਛ ਫੜੇ ਜਾਣ ਦੀ ਗੱਲ ਕਹੀ। ਉਪ ਚੋਣ ਦੀ ਜਿੱਤ ਤੋਂ ਦੂਰ ਦਿਨ ਮਗਰੋਂ ਹੀ ‘ਆਪ’ ਸਰਕਾਰ ਨੇ ਇਹ ਪੈਂਤੜਾ ਲਿਆ ਹੈ ਜਿਸ ਨੂੰ ਵਿਰੋਧੀ ਧਿਰਾਂ ਨੇ ਲੁਧਿਆਣਾ ਚੋਣ ਵਿਚਲੀ ਸਿਆਸੀ ਨਾਕਾਮੀ ਨੂੰ ਛੁਪਾਉਣ ਲਈ ਵਰਤ ਲਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਨੇ ਵਿਜੀਲੈਂਸ ਦੀ ਇਸ ਕਾਰਵਾਈ ’ਤੇ ਉਂਗਲ ਉਠਾਈ ਹੈ। ਕਾਂਗਰਸੀ ਆਗੂ ਅੰਦਰੋਂ ਅੰਦਰੀਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਆਪਣੇ ਲਈ ਚੰਗਾ ਮੌਕਾ ਮੰਨ ਰਹੇ ਹਨ ਕਿਉਂਕਿ ਮਜੀਠੀਆ ਦਾ ਮਾਮਲਾ ਉੱਛਲਣ ਕਰਕੇ ਲੁਧਿਆਣਾ ਚੋਣ ’ਚ ਹੋਈ ਹਾਰ ਸਿਆਸੀ ਧੂੜ ਵਿੱਚ ਦੱਬ ਜਾਣੀ ਹੈ। ਚੇਤੰਨ ਹਲਕੇ ਸਮਝ ਰਹੇ ਹਨ ਕਿ ‘ਆਪ’ ਸਰਕਾਰ ਨੇ ਜਿੱਤ ਦੇ ਜਸ਼ਨਾਂ ਦੌਰਾਨ ਹੀ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਕਾਹਲ ਕਿਉਂ ਦਿਖਾਈ ਕਿਉਂਕਿ ਇਸ ਗ੍ਰਿਫ਼ਤਾਰੀ ਦੇ ਪਰਦੇ ਹੇਠ ਲੁਧਿਆਣਾ ਚੋਣ ’ਚ ਵਿਰੋਧੀ ਧਿਰਾਂ ਨੂੰ ਮਿਲੀ ਹਾਰ ਨੇ ਲੁਕ ਜਾਣਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨਾਲ ਡਟ ਕੇ ਖੜਨ ਦਾ ਫ਼ੈਸਲਾ ਕੀਤਾ ਹੈ। ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਵੀ ਇਹ ਮੁੱਦਾ ਦੇ ਸਕਦਾ ਹੈ। ਵਿਰੋਧੀਆਂ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਿਆ ਹੈ ਜਦੋਂ ਕਿ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਹੋ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਦਾ ਕਹਿਣਾ ਸੀ ਕਿ ਮਜੀਠੀਆ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਦੀ ਸਿਆਸੀ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਸਰਕਾਰ ਕਿਸੇ ਵੀ ਸਾਰਥਿਕ ਆਲੋਚਨਾ ਨੂੰ ਸੁਣਨਾ ਨਹੀਂ ਚਾਹੁੰਦੀ ਹੈ।

ਪੁਲੀਸ ਸਟੇਟ ਵਿੱਚ ਤਬਦੀਲ ਹੋਇਆ ਪੰਜਾਬ: ਖਹਿਰਾ

ਭੁਲੱਥ ਤੋੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜੀਠੀਆ ਖ਼ਿਲਾਫ਼ ਕਾਰਵਾਈ ਕਰਕੇ ਅਸਲ ਵਿੱਚ ਵਿਰੋਧੀ ਧਿਰਾਂ ਨੂੰ ਸੁਨੇਹਾ ਦਿੱਤਾ ਹੈ ਜੋ ਕਿ ਇਹ ਬਦਲੇ ਦੀ ਕਾਰਵਾਈ ਹੈ ਕਿਉਂਕਿ ਮਜੀਠੀਆ ਸਰਕਾਰ ਨੂੰ ਮੁੱਦਿਆਂ ’ਤੇ ਘੇਰਦੇ ਹਨ। ਅੱਜ ਪੰਜਾਬ ਪੁਲੀਸ ਸਟੇਟ ਵਿੱਚ ਤਬਦੀਲ ਹੋ ਚੁੱਕਾ ਹੈ। ਖਹਿਰਾ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਮੁੱਦੇ ’ਤੇ ਲਾਮਬੰਦ ਹੋਣ ਦੀ ਅਪੀਲ ਕੀਤੀ ਅਤੇ ਇਸ ਮਾਮਲੇ ’ਤੇ ਇਕੱਠੇ ਹੋ ਕੇ ਖੜ੍ਹਨ ਲਈ ਕਿਹਾ ਕਿਉਂਕਿ ਅਧਿਕਾਰਾਂ ’ਤੇ ਡਾਕਾ ਪਿਆ ਹੈ।

ਸਰਕਾਰ ਦੇ ਤੌਰ ਤਰੀਕੇ ਠੀਕ ਨਹੀਂ: ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਜੀਲੈਂਸ ਦੇ ਤੌਰ ਤਰੀਕੇ ’ਤੇ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਅੱਜ ਵਿਜੀਲੈਂਸ ਨੇ ਬਿਨਾਂ ਸਰਚ ਵਾਰੰਟ ਤੋਂ ਵਿਧਾਇਕਾ ਗੁਨੀਵ ਕੌਰ ਮਜੀਠੀਆ ਦੇ ਘਰ ਅਤੇ ਫਲੈਟ ’ਤੇ ਦਸਤਕ ਦਿੱਤੀ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਸਰਕਾਰ ਤੌਰ ਤਰੀਕਿਆਂ ਨੂੰ ਸੁਧਾਰੇ ਅਤੇ ਕਿਸੇ ਨੂੰ ਗ਼ਲਤ ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਪੀੜ੍ਹੀ ਹੇਠ ਵੀ ਝਾੜੂ ਫੇਰੇ। ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਸ਼ਨ ’ਤੇ ਸਖ਼ਤ ਇਤਰਾਜ਼ ਦਰਜ ਕਰਾਉਣ।

Advertisement