ਸਿਆਸੀ ਧੂਣਾ: ਵਿਰੋਧ ਦੇ ਤੰਤਰ ’ਤੇ ‘ਆਪ’ ਦਾ ਮੰਤਰ..!
ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਣਨੀਤੀ, ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਅਤੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦਾ ਅਕਸ, ਇਹ ਤਿੰਨੋਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਮੰਤਰ ਹੋ ਨਿਬੜੇ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ 10,634 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਨਿਰੋਲ ਸ਼ਹਿਰੀ ਅਤੇ ਸਨਅਤੀ ਤਬਕੇ ਵਾਲੇ ਇਸ ਹਲਕੇ ’ਚ ‘ਆਪ’ ਦੀ ਜਿੱਤ ਲਈ ਕਈ ਕਾਰਨਾਂ ਨੇ ਭੂਮਿਕਾ ਨਿਭਾਈ ਹੈ। ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਉਪਰੰਤ ਇਹ ਸੀਟ ਖ਼ਾਲੀ ਹੋਈ ਸੀ। ਅਰਵਿੰਦ ਕੇਜਰੀਵਾਲ ਨੇ ਕਾਫ਼ੀ ਅਗੇਤੀ ਰਣਨੀਤੀ ਘੜੀ ਸੀ ਜਿਸ ਤਹਿਤ ਫਰਵਰੀ ’ਚ ਹੀ ‘ਆਪ’ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਸੀ। ਉਸ ਮਗਰੋਂ ਸ਼ੰਭੂ-ਖਨੌਰੀ ਬਾਰਡਰ ਤੋਂ ਕਿਸਾਨ ਮੋਰਚੇ ਨੂੰ ਹਟਾਉਣਾ ਵੀ ਇਸੇ ਕੜੀ ਦਾ ਹਿੱਸਾ ਸੀ। ਸਨਅਤਕਾਰਾਂ ਲਈ ਲਗਾਤਾਰ ਐਲਾਨਾਂ ਨੇ ਵੀ ਵੱਡੀ ਭੂਮਿਕਾ ਨਿਭਾਈ। ਹਿੰਦੂ ਬਹੁ ਗਿਣਤੀ ਵਾਲੇ ਵਾਰਡਾਂ ’ਚ ਹਿੰਦੂ ਆਗੂਆਂ ਦਾ ਅਸਰ ਦਿਖਿਆ ਜਦੋਂ ਕਿ ਮੱਧ ਵਰਗੀ ਅਤੇ ਪੇਂਡੂ ਪਿਛੋਕੜ ਵਾਲੇ ਵਾਰਡਾਂ ’ਚ ਭਗਵੰਤ ਮਾਨ ਦੀ ਛਾਪ ਸਪੱਸ਼ਟ ਨਜ਼ਰ ਆਈ।
ਹਲਕੇ ਦੇ ਬਾਹਰੀ ਖੇਤਰ ਦੇ ਲੋਕ ਮਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਰ ਕਬੂਲਿਆ ਅਤੇ ਇਹੋ ਉਹੀ ਵਾਰਡ ਸਨ ਜਿੱਥੋਂ ਪਾਰਟੀ ਉਮੀਦਵਾਰ ਨੂੰ ਚੰਗੀ ਲੀਡ ਮਿਲੀ ਹੈ। ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਹਲਕੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਲਈ ਇਹ ਸੀਟ ਵੱਕਾਰੀ ਸੀ ਜਿਸ ਕਰਕੇ ਉਨ੍ਹਾਂ ਨੇ ਖ਼ੁਦ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਰਜਨਾਂ ਪ੍ਰੋਗਰਾਮ ਕੀਤੇ। ਹਲਕੇ ਦੇ ਇਸ ਸਿਆਸੀ ਫ਼ੈਸਲੇ ਪਿੱਛੇ ਇੱਕ ਇਹ ਵੀ ਕਾਰਨ ਜਾਪਦਾ ਹੈ ਕਿ ਉਂਜ ਤਾਂ ਸਭਨਾਂ ਸਿਆਸੀ ਧਿਰਾਂ ਤੋਂ ਲੋਕਾਂ ਦੇ ਮਨ ਉਚਾਟ ਹੋ ਚੁੱਕੇ ਹਨ ਪ੍ਰੰਤੂ ਹਲਕੇ ਦੇ ਲੋਕਾਂ ਨੇ ਆਪੋ ਆਪਣੇ ਫ਼ਾਇਦੇ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ। ਸੋਸ਼ਲ ਮੀਡੀਆ ’ਤੇ ‘ਆਪ’ ਖ਼ਿਲਾਫ਼ ਪਿਛਲੇ ਸਮੇਂ ਤੋਂ ਚੱਲ ਰਿਹਾ ਪ੍ਰਚਾਰ ਵੀ ਧਰਾਤਲ ’ਤੇ ਕੋਈ ਅਸਰ ਨਹੀਂ ਦਿਖਾ ਸਕਿਆ।
ਵੱਡਾ ਫ਼ਾਇਦਾ ਉਮੀਦਵਾਰ ਸੰਜੀਵ ਅਰੋੜਾ ਦੇ ਅਕਸ ਦਾ ਮਿਲਿਆ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ‘ਪਿਆਰ ਬਨਾਮ ਹੰਕਾਰ’ ਦਾ ਨਾਅਰਾ ਵੀ ਦਿੱਤਾ ਸੀ। ਵੱਡਾ ਉਦਯੋਗਪਤੀ ਹੋਣ ਦੇ ਬਾਵਜੂਦ ਅਰੋੜਾ ਦਾ ਸਾਊਪੁਣਾ ਇਸ ਚੋਣ ਨੂੰ ਜਿੱਤ ਵਿੱਚ ਤਬਦੀਲ ਕਰਨ ਵਿੱਚ ਸਹਾਈ ਹੋਇਆ ਹੈ। ਵੋਟਾਂ ਵਾਲੇ ਦਿਨ ਉਹ ਉਦਯੋਗਪਤੀ ਵੀ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ ਜੋ ਆਮ ਤੌਰ ’ਤੇ ਵੋਟ ਦਾ ਇਸਤੇਮਾਲ ਨਹੀਂ ਕਰਦੇ ਸਨ। ਸਨਅਤਕਾਰਾਂ ਨੇ ਆਪਣੇ ਭਾਈਚਾਰੇ ਦੇ ਨਾਮ ’ਤੇ ਅਰੋੜਾ ਲਈ ਵੋਟਾਂ ਮੰਗੀਆਂ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਰਵੱਈਏ ਨੂੰ ਉਭਾਰਨ ਵਿੱਚ ‘ਆਪ’ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਹਲਕੇ ਵਿੱਚ 15 ਫ਼ੀਸਦੀ ਦਲਿਤ ਵੋਟਰ ਸਨ। ਮੱਧ ਵਰਗੀ ਅਤੇ ਪੇਂਡੂ ਪਿਛੋਕੜ ਵਾਲੇ ਵਾਰਡਾਂ ਵਿੱਚ ਸਰਕਾਰੀ ਸਕੀਮਾਂ ਜਿਵੇਂ ਜ਼ੀਰੋ ਬਿੱਲਾਂ ਆਦਿ ਦਾ ਅਸਰ ਵੀ ਪਿਆ ਹੈ। ਕਾਂਗਰਸ ਦੀ ਅੰਦਰੂਨੀ ਫੁੱਟ ਦਾ ਲਾਹਾ ਵੀ ‘ਆਪ’ ਨੂੰ ਮਿਲਿਆ। ‘ਆਪ’ ਵੱਲੋਂ ਆਪਣੇ ਸਾਰੇ ਵਿਧਾਇਕਾਂ, ਵਜ਼ੀਰਾਂ, ਚੇਅਰਮੈਨਾਂ ਅਤੇ ਅਹੁਦੇਦਾਰਾਂ ਨੂੰ ਬੂਥ ਵਾਈਜ਼ ਤਾਇਨਾਤ ਕਰਨਾ ਅਤੇ ਉਨ੍ਹਾਂ ਵੱਲੋਂ ਕੀਤੀ ਮਿਹਨਤ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ।
ਹਲਕੇ ’ਤੇ ਸਿਆਸੀ ਝਾਤ ਮਾਰੀਏ ਤਾਂ ਸਾਲ 2022 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ‘ਆਪ’ ਨੂੰ 34.8 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂ ਕਿ ਹੁਣ 39.02 ਫ਼ੀਸਦੀ ਵੋਟਾਂ ਮਿਲੀਆਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ‘ਆਪ’ ਨੂੰ 24.6 ਫ਼ੀਸਦੀ ਵੋਟ ਮਿਲੇ ਸਨ। ‘ਆਪ’ ਦੇ ਕਾਰਜਕਾਲ ਦੌਰਾਨ ਹੋਈਆਂ ਕੁੱਲ ਅੱਠ ਹਲਕਿਆਂ ਦੀਆਂ ਚੋਣਾਂ ’ਚੋਂ ਸੱਤ ’ਚ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਬਰਨਾਲਾ ਸੀਟ ‘ਆਪ’ ਹਾਰ ਗਈ ਸੀ।