ਸਿਆਸੀ ਭੇਤ: ‘ਆਪ’ ਵੱਲੋਂ ਦਸ ਹੋਰ ਵਿਧਾਇਕਾਂ ’ਤੇ ਤਿੱਖੀ ਨਜ਼ਰ
ਚਰਨਜੀਤ ਭੁੱਲਰ
‘ਆਪ’ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਪੁਲੀਸ ਕੇਸ ਦਾ ਮਾਮਲਾ ‘ਆਮ’ ਨਹੀਂ ਜਾਪਦਾ। ਪੰਜਾਬ ਵਿਧਾਨ ਸਭਾ ਚੋਣਾਂ ’ਚ 17 ਮਹੀਨੇ ਬਾਕੀ ਹਨ ਜਦੋਂਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਕਿਸੇ ਵੇਲੇ ਵੀ ਸੰਭਵ ਹੈ। ਪਹਿਲਾਂ ਵੀ ਜ਼ਿਮਨੀ ਚੋਣਾਂ ਤੋਂ ਪਹਿਲਾਂ ‘ਆਪ’ ਨੇ ਇਸ ਤਰ੍ਹਾਂ ਦਾ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਤਾ ਲੱਗਿਆ ਹੈ ਕਿ ‘ਆਪ’ ਦੇ ਸੀਨੀਅਰ ਆਗੂ ਪਾਰਟੀ ਦੇ ਸਾਫ਼-ਸੁਥਰੇ ਅਕਸ ਦੀ ਬਹਾਲੀ ’ਚ ਲੱਗੇ ਹੋਏ ਹਨ ਅਤੇ ਪਾਰਟੀ ਕਿਸੇ ਨੂੰ ਵੀ ਨਾ ਬਖ਼ਸ਼ਣ ਦਾ ਸੰਕੇਤ ਦੇਣਾ ਚਾਹੁੰਦੀ ਹੈ।
ਸੂਤਰਾਂ ਅਨੁਸਾਰ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ 26 ਅਗਸਤ ਨੂੰ ਹੋਈ ਸੀ। ਪਟਿਆਲਾ ਪੁਲੀਸ ਨੇ ਵਿਧਾਇਕ ਖ਼ਿਲਾਫ਼ ਧਾਰਾ 376 ਤਹਿਤ ਕੇਸ ਦਰਜ ਕੀਤਾ ਹੈ। ‘ਆਪ’ ਆਗੂ ਬਲਤੇਜ ਪੰਨੂ ਆਖਦੇ ਹਨ ਕਿ ਪਾਰਟੀ ਤਰਫ਼ੋਂ ਗ਼ਲਤ ਕੰਮਾਂ ਵਾਲੇ ਨੂੰ ਕੋਈ ਸੁਰੱਖਿਆ ਨਹੀਂ ਹੈ ਅਤੇ ਪਾਰਟੀ ਨੈਤਿਕ ਮੁੱਦਿਆਂ ’ਤੇ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਹੁਣ ਧਿਆਨ ਭਟਕਾਉਣ ਲਈ ਇਲਜ਼ਾਮ ਲਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਅਕਸਰ ਸਰਕਾਰ ’ਚ ‘ਫੁੱਫੜ’ ਵਜੋਂ ਜਾਣੇ ਜਾਂਦੇ ਹਨ। ਵਿਧਾਇਕ ਪਠਾਣਮਾਜਰਾ ਨੇ ਦੋ ਦਿਨ ਪਹਿਲਾਂ ਹੀ ‘ਆਪ’ ਦੀ ਹਾਈਕਮਾਂਡ ਨੂੰ ਜਨਤਕ ਤੌਰ ’ਤੇ ਨਿਸ਼ਾਨੇ ’ਤੇ ਲਿਆ ਸੀ ਅਤੇ ਤਿੱਖੇ ਸਿਆਸੀ ਹਮਲੇ ਕੀਤੇ ਸਨ। ਸਰਕਾਰ ਅੰਦਰ ਤਾਕਤ ਰੱਖਣ ਵਾਲੇ ਇਸ ‘ਫੁੱਫੜ’ ਖ਼ਿਲਾਫ਼ ਕਾਰਵਾਈ ਕਰ ਕੇ ‘ਆਪ’ ਦੀ ਹਾਈਕਮਾਂਡ ਕਈ ਸੁਨੇਹੇ ਦੇਣਾ ਚਾਹੁੰਦੀ ਹੈ। ਸੂਤਰ ਅਨੁਸਾਰ ਆਮ ਆਦਮੀ ਪਾਰਟੀ ਨੇ ਅਜਿਹੇ ਸੱਤ ਤੋਂ ਦਸ ਵਿਧਾਇਕਾਂ ’ਤੇ ਵੀ ਨਜ਼ਰ ਰੱਖੀ ਹੋਈ ਹੈ ਜਿਨ੍ਹਾਂ ਖ਼ਿਲਾਫ਼ ਪਾਰਟੀ ਅੰਦਰ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਨ੍ਹਾਂ ’ਚ ਤਿੰਨ ਮਹਿਲਾ ਵਿਧਾਇਕਾਂ ਦੀ ਵੀ ਚਰਚਾ ਹੈ। ਪਠਾਣਮਾਜਰਾ ਖ਼ਿਲਾਫ਼ ਕੇਸ ਨੂੰ ਲੋਕ ਅਲੱਗ-ਅਲੱਗ ਸਿਆਸੀ ਕੋਣ ਤੋਂ ਦੇਖ ਰਹੇ ਹਨ।
‘ਆਪ’ ਵੱਲੋਂ ਗ਼ਲਤ ਕੰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਪੰਨੂ
ਚੰਡੀਗੜ੍ਹ (ਟਨਸ): ਪੰਜਾਬ ਪੁਲੀਸ ਵੱਲੋਂ ਵਿਧਾਨ ਸਭਾ ਹਲਕਾ ਸਨੌਕ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਕੇਸ ਦਰਜ ਕਰਨ ਉਪਰੰਤ ‘ਆਪ’ ਨੇ ਆਪਣਾ ਪੱਲਾ ਝਾੜ ਲਿਆ ਹੈ। ‘ਆਪ’ ਦੇ ਆਗੂ ਬਲਤੇਜ ਪੰਨੂ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਗ਼ਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲੀਸ ਦੀ ਕਾਰਵਾਈ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਰਟੀ ਵੱਲੋਂ ਕਿਸੇ ਵੀ ਗ਼ਲਤ ਕੰਮ ਦੀ ਹਮਾਇਤ ਨਹੀਂ ਕੀਤੀ ਜਾਂਦੀ ਹੈ। ਇਸੇ ਕਰ ਕੇ ਪਾਰਟੀ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ ਹੈ। ਸ੍ਰੀ ਪੰਨੂ ਨੇ ਕਿਹਾ ਕਿ ਪਠਾਣਮਾਜਰਾ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਹੀ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਮੁੱਦਿਆਂ ਨੂੰ ਚੁੱਕ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ।