ਚੰਨੀ ਦੇ ਘਰ ਕਾਂਗਰਸੀਆਂ ਦੀ ਸਿਆਸੀ ਮਿਲਣੀ
ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ’ਤੇ ਅੱਜ ਸੀਨੀਅਰ ਕਾਂਗਰਸੀ ਆਗੂਆਂ ਨੇ ਸਿਆਸੀ ਮਿਲਣੀ ਕੀਤੀ ਅਤੇ ਇੱਕ-ਦੂਜੇ ਪ੍ਰਤੀ ਗਰਮਜੋਸ਼ੀ ਵੀ ਦਿਖਾਈ। ਤਰਨ ਤਾਰਨ ਦੀ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਮਗਰੋਂ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਚੰਨੀ ਦੀ ਰਿਹਾਇਸ਼ ’ਤੇ ਏਕਤਾ ਦਾ ਸੁਨੇਹਾ ਦਿੱਤਾ ਤਾਂ ਜੋ ਰਾਜ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਕਾਂਗਰਸ ’ਚ ‘ਸਭ ਅੱਛਾ’ ਹੈ। ਅਰਸੇ ਮਗਰੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੱਕ ਜਗ੍ਹਾ ਇਕੱਠੇ ਨਜ਼ਰ ਆਏ ਹਨ।
ਸ੍ਰੀ ਚੰਨੀ ਨੇ ਆਪਣੇ ਪੁੱਤ ਦੇ ਜਨਮ ਦਿਨ ਮੌਕੇ ਮੋਰਿੰਡਾ ਵਿਚਲੀ ਰਿਹਾਇਸ਼ ’ਤੇ ਧਾਰਮਿਕ ਸਮਾਗਮ ਕਰਵਾਇਆ। ਸਮਾਗਮਾਂ ਮੌਕੇ ਸਮੁੱਚੀ ਲੀਡਰਸ਼ਿਪ ਇਕੱਠੀ ਕਰਕੇ ਉਨ੍ਹਾਂ ਹਾਈਕਮਾਨ ਨੂੰ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ ਕਿ ਸਾਰੇ ਸੀਨੀਅਰ ਆਗੂ ਉਨ੍ਹਾਂ ਨਾਲ ਹਨ। ਇਨ੍ਹਾਂ ਸਮਾਗਮਾਂ ’ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਪਰਗਟ ਸਿੰਘ ਵੀ ਪੁੱਜੇ।
ਸ੍ਰੀ ਰੰਧਾਵਾ ਨੇ ਕਿਹਾ ਕਿ ਅੱਜ ਸਮੁੱਚੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਏਕਤਾ ਦਿਖਾਈ ਹੈ। ਪੰਜਾਬ ਕਾਂਗਰਸ ਸੂਬੇ ਦੇ ਹਿੱਤਾਂ ਲਈ ਇਕਜੁੱਟ ਹੈ। ਸ੍ਰੀ ਚੰਨੀ ਨੇ ਸਮਾਗਮ ਦਾ ਸੱਦਾ ਪੱਤਰ ਭੇਜ ਕੇ ਸੀਨੀਅਰ ਆਗੂਆਂ ਦੀ ਨਬਜ਼ ਵੀ ਟੋਹਣ ਦੀ ਕੋਸ਼ਿਸ਼ ਕੀਤੀ ਹੈ। ਲੁਧਿਆਣਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਦੀ ਕਤਾਰਬੰਦੀ ਸਪੱਸ਼ਟ ਨਜ਼ਰ ਆਈ ਸੀ।
ਅੱਜ ਸਮਾਗਮ ’ਚ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਤੇ ਸਾਬਕਾ ਵਿਧਾਇਕ ਕੁਲਦੀਪ ਵੈਦ ਵੀ ਮੌਜੂਦ ਸਨ। ਤਰਨ ਤਾਰਨ ਜ਼ਿਮਨੀ ਚੋਣ ਦੀ ਹਾਰ ਮਗਰੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਕੋਈ ਫੇਰ ਬਦਲ ਹੋਣ ਦੀ ਚਰਚਾ ਹਾਲੇ ਠੰਢੀ ਨਹੀਂ ਹੋਈ ਹੈ। ਇਨ੍ਹਾਂ ਹਾਲਾਤ ’ਚ ਸ੍ਰੀ ਚੰਨੀ ਦੀ ਰਿਹਾਇਸ਼ ’ਤੇ ਲੀਡਰਸ਼ਿਪ ਦੇ ਸਿਰ ਜੁੜਨ ਦੇ ਸਿਆਸੀ ਮਾਅਨੇ ਵੀ ਹਨ।
ਮੁਹੰਮਦ ਸਦੀਕ ਨੇ ਸੁਣਾਇਆ ‘ਛਣਕਾਟਾ’
ਸਮਾਗਮ ਮੌਕੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੇ ‘ਛਣਕਾਟਾ ਪੈਂਦਾ ਗਲੀ ਗਲੀ’ ਗੀਤ ਗਾਇਆ, ਜਦਕਿ ਡਾ. ਧਰਮਵੀਰ ਗਾਂਧੀ ਨੇ ‘ਜਗਾ ਦੇ ਮੋਮਬੱਤੀਆਂ, ਇੱਥੇ ਤਾਂ ਚੱਲਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ’ ਕਵਿਤਾ ਸੁਣਾਈ। ਸਮਾਗਮ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਸ੍ਰੀ ਚੰਨੀ ਦੇ ਸੱਦੇ ’ਤੇ ਇੱਥੇ ਆਏ ਹਨ। ਪੰਜਾਬ ਕਾਂਗਰਸ ਦੇਸ਼ ਅਤੇ ਪੰਜਾਬ ਦੀ ਬਿਹਤਰੀ ਲਈ ਹਮੇਸ਼ਾ ਇਕਜੁੱਟ ਹੈ।
